ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਸਨਮਾਨ ਮਿਲਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਸੰਦੇਸ਼ ਜਾਰੀ ਕਰਦਿਆਂ ਇਸ ਸਨਮਾਨ ਨੂੰ ਪੂਰੇ ਪੰਜਾਬ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਸੁਖਬੀਰ ਬਾਦਲ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਆਧਿਆਤਮਿਕ ਮੁਖੀ ਪੂਜਨੀਕ ਸੰਤ ਨਿਰੰਜਣ ਦਾਸ ਜੀ ਮਹਾਰਾਜ ਨੂੰ ਵੱਕਾਰੀ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ 'ਤੇ ਦਿਲੋਂ ਵਧਾਈ। ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਮਾਨਤਾ, ਸਮਾਜਿਕ ਨਿਆਂ, ਸਿੱਖਿਆ ਅਤੇ ਸੇਵਾ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਤੁਹਾਡੀ ਪੂਰੀ ਜ਼ਿੰਦਗੀ ਨੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਰੌਸ਼ਨ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੰਤ ਨਿਰੰਜਣ ਦਾਸ ਜੀ ਨੂੰ ਮਿਲਿਆ ਇਹ ਸਨਮਾਨ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਹੋਰ ਤਾਕਤ ਬਖ਼ਸ਼ਣ ਤਾਂ ਜੋ ਉਹ ਆਉਣ ਵਾਲੇ ਸਮੇਂ 'ਚ ਵੀ ਸਮਾਜ ਨੂੰ ਆਪਣੀ ਆਧਿਆਤਮਿਕ ਅਗਵਾਈ ਅਤੇ ਸੇਵਾ ਰਾਹੀਂ ਦਿਸ਼ਾ ਦਿੰਦੇ ਰਹਿਣ।
ਜ਼ਿਕਰਯੋਗ ਹੈ ਕਿ ਡੇਰਾ ਸੱਚਖੰਡ ਬੱਲਾਂ ਨਾਲ ਜੁੜੇ ਸੰਤ ਨਿਰੰਜਣ ਦਾਸ ਜੀ ਲੰਬੇ ਸਮੇਂ ਤੋਂ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ-ਪ੍ਰਸਾਰ, ਸਮਾਜਿਕ ਬਰਾਬਰੀ, ਸਿੱਖਿਆ ਅਤੇ ਮਨੁੱਖੀ ਸੇਵਾ ਦੇ ਖੇਤਰ 'ਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੂੰ ਪਦਮ ਸ਼੍ਰੀ ਸਨਮਾਨ ਮਿਲਣ 'ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।