ਖਰੜ (ਪ੍ਰੀਤ ਪੱਤੀ) : ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਚੰਡੀਗੜ੍ਹ ਬੀਜੇਪੀ ਪ੍ਰਧਾਨ ਵੱਲੋਂ ਪੰਜਾਬੀਆਂ ਨੂੰ “Emotional Bloody Fools” ਕਹਿ ਕੇ ਕੀਤੀ ਗਈ ਟਿੱਪਣੀ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਬਿਆਨ ਸਿਰਫ਼ ਪੰਜਾਬੀਆਂ ਦਾ ਹੀ ਨਹੀਂ, ਸਗੋਂ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਪੰਜਾਬੀਅਤ ਦਾ ਵੀ ਅਪਮਾਨ ਹੈ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਤੋਂ ਲੈ ਕੇ ਅੰਨ ਉਤਪਾਦਨ ਤੱਕ, ਉਦਯੋਗ, ਖੇਡਾਂ, ਵਿਗਿਆਨ, ਸਿੱਖਿਆ ਅਤੇ ਵਿਦੇਸ਼ਾਂ ਵਿੱਚ ਭਾਰਤ ਦਾ ਮਾਣ ਵਧਾਉਣ ਤੱਕ ਪੰਜਾਬੀਆਂ ਦਾ ਯੋਗਦਾਨ ਅਤੁੱਲਣੀਯ ਹੈ।
ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਬਹਾਦਰ ਸਿਪਾਹੀ, ਮਿਹਨਤੀ ਕਿਸਾਨ, ਸਫਲ ਉਦਯੋਗਪਤੀ ਅਤੇ ਸਮਾਜ ਸੇਵੀ ਦਿੱਤੇ ਹਨ। ਕੁਦਰਤੀ ਆਫ਼ਤਾਂ ਹੋਣ, ਰਾਸ਼ਟਰੀ ਸੰਕਟ ਹੋਵੇ ਜਾਂ ਮਨੁੱਖਤਾ ਦੀ ਸੇਵਾ ਦਾ ਮਾਮਲਾ, ਪੰਜਾਬੀ ਹਰ ਵਾਰ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਏ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਜਜ਼ਬਾਤੀ ਜ਼ਰੂਰ ਹਨ, ਪਰ ਉਹ ਮੂਰਖ ਨਹੀਂ ਹਨ। ਆਪਣੇ ਹੱਕਾਂ, ਸਵਾਭਿਮਾਨ ਅਤੇ ਪਹਿਚਾਣ ਲਈ ਡਟ ਕੇ ਖੜ੍ਹਨਾ ਪੰਜਾਬੀਆਂ ਦੀ ਪਛਾਣ ਹੈ। ਪੰਜਾਬ ਦੀ ਜਨਤਾ ਆਪਣੇ ਸਨਮਾਨ ਨਾਲ ਸਮਝੌਤਾ ਕਰਨਾ ਨਹੀਂ ਜਾਣਦੀ।
ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ BJP ਦੇ ਆਗੂਆਂ ਵੱਲੋਂ ਵਾਰ-ਵਾਰ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਅਪਮਾਨਜਨਕ ਬਿਆਨ ਦੇਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਦੀ ਸੋਚ ਪੰਜਾਬ ਦੀਆਂ ਭਾਵਨਾਵਾਂ ਅਤੇ ਇਤਿਹਾਸ ਨੂੰ ਸਮਝਣ ਵਿੱਚ ਅਸਫਲ ਰਹੀ ਹੈ।
ਉਨ੍ਹਾਂ ਨੇ ਬੀਜੇਪੀ ਦੇ ਰਾਸ਼ਟਰੀ ਅਤੇ ਸੂਬਾਈ ਨੇਤ੍ਰਿਤਵ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਚੰਡੀਗੜ੍ਹ BJP ਪ੍ਰਧਾਨ ਤੋਂ ਪੰਜਾਬੀਆਂ ਕੋਲੋਂ ਬਿਨਾਂ ਸ਼ਰਤ ਜਨਤਕ ਮੁਆਫ਼ੀ ਮੰਗਵਾਉਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਦੇ ਲੋਕ ਇਸ ਅਪਮਾਨ ਦਾ ਲੋਕਤੰਤਰੀ ਢੰਗ ਨਾਲ ਕਰਾਰਾ ਜਵਾਬ ਦੇਣਗੇ।
ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਪੰਜਾਬੀਆਂ ਦੇ ਸਨਮਾਨ, ਹੱਕਾਂ ਅਤੇ ਪੰਜਾਬੀਅਤ ਦੀ ਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗੀ ਅਤੇ ਹਰ ਉਸ ਆਵਾਜ਼ ਦਾ ਡਟ ਕੇ ਵਿਰੋਧ ਕਰੇਗੀ ਜੋ ਪੰਜਾਬ ਜਾਂ ਪੰਜਾਬੀਆਂ ਦੀ ਮਾਣ-ਮਰਯਾਦਾ ਨੂੰ ਠੇਸ ਪਹੁੰਚਾਉਂਦੀ ਹੈ।