ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਡਾ. ਬੀ ਆਰ ਅੰਬੇਦਕਰ ਭਵਨ ਪਿੰਡ ਕੋਹਰੀਆਂ ਵਿਖੇ ਆਯੋਜਿਤ ਕੀਤੇ ਗਏ ਤਿੰਨ ਰੋਜ਼ਾ ਭਗਤੀ ਸੰਗਮ ਦੇ ਦੂਸਰੇ ਦਿਨ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸਯ ਸਾਧਵੀ ਕਰਮਜੀਤ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੀਡੀਆ ਹੋਵੇ ਜਾਂ ਫਿਰ ਕਿਸੇ ਛੋਟੇ ਜਿਹੇ ਪਿੰਡ ਦੀ ਸੱਥ ਵਿੱਚ ਬੈਠੇ ਚਾਰ ਸਿਆਣੇ ਬੰਦੇ ਚਰਚਾ ਦਾ ਵਿਸ਼ਾ ਇੱਕ ਹੀ ਰਹਿੰਦਾ ਹੈ ਕਿ ਸਾਡਾ ਸਮਾਜ ਕਿਸ ਦਿਸ਼ਾ ਵੱਲ ਵਧ ਰਿਹਾ ਹੈ। ਜਿੱਥੇ ਨਿੱਤ ਨਵੇਂ ਅਪਰਾਧ ਹੁੰਦੇ ਹਨ ਉਥੇ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਨੂੰ ਰੋਕਣ ਲਈ ਯਤਨ ਕਰਦੇ ਹਨ ਅਤੇ ਸੜਕਾਂ ਉੱਪਰ ਆਉਂਦੇ ਹਨ ਪਰ ਕੁਝ ਦਿਨਾਂ ਬਾਅਦ ਹੀ ਇੱਕ ਹੋਰ ਘਟਨਾ ਪੂਰੇ ਦੇਸ਼ ਨੂੰ ਹਲੂਣ ਕੇ ਰੱਖ ਦਿੰਦੀ ਹੈ, ਅਜਿਹਾ ਕਿਉਂ ਆਓ ਵਿਚਾਰ ਕਰੀਏ ਕਿ ਅੱਜ ਦੇ ਹਾਲਾਤਾਂ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਉਂਝ ਤਾਂ ਸਾਡੇ ਦੇਸ਼ ਅੰਦਰ ਵਿਚਾਰਕਾਂ ਦੀ ਕੋਈ ਕਮੀ ਨਹੀਂ ਹੈ ਪਰ ਦੇਖਿਆ ਜਾਵੇ ਤਾਂ ਹਰ ਵਿਅਕਤੀ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਰਾਹਾਂ ਉਪਰ ਆਪਣੇ ਕਦਮ ਸੋਚ ਵਿਚਾਰ ਕੇ ਹੀ ਰੱਖੇ ਪਰ ਮੌਜੂਦਾ ਵਿਚਾਰਾਂ ਦੀ ਵਿਸ਼ਾ ਵਸਤੂ ਦੀ ਪੜਚੋਲ ਦੀ ਖੋਜ ਦਾ ਵਿਸ਼ਾ ਹੈ।
ਉਹਨਾਂ ਕਿਹਾ ਕਿ ਕਾਰਨ ਇੱਕ ਹੀ ਹੈ ਕਿ ਆਧੁਨਿਕ ਯੁੱਗ ਦੇ ਸਿਆਣੇ ਵਿਅਕਤੀਆਂ ਵੱਲੋਂ ਸਿਰਜੇ ਇਸ ਵਿਗਿਆਨਿਕ ਸਮਾਜ ਦੇ ਮਾਹੌਲ ਵਿੱਚ ਖੌਫਨਾਕ ਆਵਾਜ਼ ਦਾ ਬੋਲਬਾਲਾ ਹੈ। ਸੋਚ ਦੇ ਫੈਲਾਅ ਵਧਣ ਨਾਲ ਅੱਜ ਪੇਂਡੂ ਅਤੇ ਮਹਾਂਨਗਰਾਂ ਦੀ ਜ਼ਿੰਦਗੀ ਵਿੱਚ ਜਿੱਥੇ ਤੇਜ਼ੀ ਆਈ ਹੈ ਉੱਥੇ ਉਨਾਂ ਦਾ ਸਮਾਜਿਕ ਨਜ਼ਰੀਆ ਵੀ ਬਦਲਿਆ ਹੈ ਅਤੇ ਅੱਜ ਮਨੁੱਖ ਦੀ ਸੋਚ ਵਿਚਾਰ ਦਾ ਵਿਸ਼ਾ ਉਸਦੀ ਨਿਜੀ ਤਰੱਕੀ ਜਾਂ ਉਥਾਨ ਹੀ ਹੈ, ਜਿਸ ਕਾਰਨ ਕੁਝ ਸਮੇਂ ਲਈ ਚਰਚਾ ਦਾ ਵਿਸ਼ਾ ਬਣੇ ਸਮਾਜਿਕ ਮੁੱਦੇ ਖਤਮ ਹੋ ਜਾਂਦੇ ਹਨ। ਸਾਧਵੀ ਜੀ ਨੇ ਕਿਹਾ ਕੀ ਅੱਜ ਦੀ ਨੌਜਵਾਨ ਪੀੜੀ ਨੂੰ ਹੀ ਲੈ ਲਓ ਸਵੇਰੇ ਉੱਠ ਕੇ ਮਾਤਾ-ਪਿਤਾ ਨੂੰ ਪ੍ਰਣਾਮ ਕਰੇ ਜਾਂ ਨਾ ਕਰੇ, ਪਰਮਾਤਮਾ ਨੂੰ ਯਾਦ ਕਰੇ ਜਾਂ ਨਾ ਕਰੇ, ਪਾਣੀ ਦਾ ਘੁੱਟ ਭਰੇ ਜਾ ਨਾ ਭਰੇ ਪਰ ਅੱਖਾਂ ਮਲਦੇ ਹੋਏ ਹੱਥ ਵਿੱਚ ਮੋਬਾਇਲ ਫੋਨ ਲੈ ਕੇ ਸਭ ਤੋਂ ਪਹਿਲਾਂ ਉਸਨੂੰ ਪ੍ਰਣਾਮ ਕਰਦੇ ਹਨ, ਇਸ ਲਈ ਜ਼ਰੂਰਤ ਹੈ ਕਿ ਅੱਜ ਉਹਨਾਂ ਬੱਚਿਆਂ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਆਉਣਾ ਅਤੇ ਉਹਨਾਂ ਨੂੰ ਚੰਗੇ ਸੰਸਕਾਰ ਪ੍ਰਦਾਨ ਕਰਨਾ ਤਾਂ ਕਿ ਸਮਾਜ ਵਿੱਚ ਫਿਰ ਤੋਂ ਕੋਈ ਵਿਵੇਕਾਨੰਦ, ਭਗਤ ਸਿੰਘ ਅਤੇ ਮਹਾਤਮਾ ਗਾਂਧੀ ਆਦਿ ਵਰਗੇ ਮਹਾਨ ਵੀਰ ਅਤੇ ਮਹਾਂਪੁਰਸ਼ ਪੈਦਾ ਹੋਣ ਜਿਸ ਨਾਲ ਅੱਜ ਦੇ ਨੌਜਵਾਨ ਨੂੰ ਵੀ ਸਹੀ ਦਿਸ਼ਾ ਮਿਲ ਸਕੇ ਅਤੇ ਇਹ ਸਹੀ ਦਿਸ਼ਾ ਤਦ ਹੀ ਮਿਲ ਪਾਏਗੀ ਜੇਕਰ ਉਹਨਾਂ ਦੀ ਦਿਸ਼ਾ ਠੀਕ ਹੋਵੇਗੀ। ਉਹਨਾਂ ਕਿਹਾ ਕਿ ਅੱਜ ਦਾ ਨੌਜਵਾਨ ਨਸ਼ਿਆਂ ਅੰਦਰ ਲਿਪਤ ਹੋ ਕੇ ਇਸ ਦੇਸ਼ ਨੂੰ ਤਾਂ ਕੀ ਆਪਣੇ ਪਰਿਵਾਰ ਜਾਂ ਆਪਣੇ ਆਪ ਨੂੰ ਹੀ ਨਹੀਂ ਸੰਭਾਲ ਪਾ ਰਿਹਾ ਜਿਸ ਲਈ ਉਹਨਾਂ ਨੂੰ ਜਾਗਰਿਤ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਨੌਜਵਾਨਾਂ ਵਿੱਚ ਚੰਗੇ ਸੰਸਕਾਰ ਹੋਣਗੇ ਤਾਂ ਅਸੀਂ ਆਪਣੇ ਆਪ ਨੂੰ ਬਦਲ ਪਾਵਾਂਗੇ ਅਤੇ ਫਿਰ ਹੀ ਸਮਾਜ ਨੂੰ ਬਦਲ ਪਾਵਾਂਗੇ। ਇਸ ਦੌਰਾਨ ਸਾਧਵੀ ਈਸ਼ਵਰਪ੍ਰੀਤਾ ਭਾਰਤੀ, ਸਾਧਵੀ ਪਲਕ ਭਾਰਤੀ, ਸਾਧਵੀ ਸੁਖਵੀਰ ਭਾਰਤੀ ਨੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।