ਚੰਡੀਗੜ੍ਹ : ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਵੱਲੋਂ ਲਗਾਤਾਰ ਮੈਰਾਥਨ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜ ਦਿਨਾਂ ਦੇ ਪੰਜਾਬ ਦੌਰੇ ਦੌਰਾਨ ਭੂਪੇਸ਼ ਬਘੇਲ ਪਾਰਟੀ ਦੇ ਵੱਖ-ਵੱਖ ਆਗੂਆਂ ਨਾਲ ਮੁਲਾਕਾਤਾਂ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਅੰਦਰੂਨੀ ਮਸਲਿਆਂ 'ਤੇ ਮੰਥਨ ਕਰ ਰਹੇ ਹਨ। ਇਸ ਦੇ ਬਾਵਜੂਦ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਧੜੇ ਦੇ ਆਗੂਆਂ ਨਾਲ ਹਾਲੇ ਤੱਕ ਕੋਈ ਮੁਲਾਕਾਤ ਨਾ ਹੋਣ ਕਾਰਨ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਮੀਡੀਆ ਵੱਲੋਂ ਜਦੋਂ ਭੂਪੇਸ਼ ਬਘੇਲ ਤੋਂ ਚੰਨੀ ਧੜੇ ਦੀ ਗੈਰ-ਮੌਜੂਦਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਵੀ ਆਗੂ ਵੱਲੋਂ ਉਨ੍ਹਾਂ ਨੂੰ ਮਿਲਣ ਲਈ ਕਿਹਾ ਜਾਵੇਗਾ, ਉਹ ਖੁਦ ਉਸ ਦੇ ਘਰ ਜਾ ਕੇ ਵੀ ਮੁਲਾਕਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਅਤੇ ਜਿਨ੍ਹਾਂ ਨਾਲ ਅਜੇ ਤੱਕ ਮੁਲਾਕਾਤ ਨਹੀਂ ਹੋਈ, ਉਨ੍ਹਾਂ ਨਾਲ ਵੀ ਅਗਲੇ ਦੋ-ਤਿੰਨ ਦਿਨਾਂ ਵਿਚ ਗੱਲਬਾਤ ਕਰ ਲਈ ਜਾਵੇਗੀ।
ਇਸ ਤੋਂ ਪਹਿਲਾਂ ਭੂਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮੁਲਾਕਾਤ ਕੀਤੀ ਸੀ। ਇਸ ਨਾਲ ਇਹ ਸੰਕੇਤ ਦਿੱਤਾ ਗਿਆ ਕਿ ਉਹ ਸਾਰੇ ਸੀਨੀਅਰ ਆਗੂਆਂ ਨਾਲ ਨਿੱਜੀ ਤੌਰ 'ਤੇ ਸੰਪਰਕ ਬਣਾਕੇ ਸੰਗਠਨਕ ਮਸਲਿਆਂ ਦਾ ਹੱਲ ਕੱਢਣਾ ਚਾਹੁੰਦੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਚਰਨਜੀਤ ਸਿੰਘ ਚੰਨੀ ਇਸ ਸਮੇਂ ਦੋ ਦਿਨਾਂ ਲਈ ਬਾਹਰ ਹਨ ਅਤੇ ਉਨ੍ਹਾਂ ਦੀ ਭੂਪੇਸ਼ ਬਘੇਲ ਨਾਲ ਮੁਲਾਕਾਤ ਵਾਪਸੀ ਤੋਂ ਬਾਅਦ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਮੀਡੀਆ ਵਿੱਚ ਜਿਸ ਤਰ੍ਹਾਂ ਦੀਆਂ ਖ਼ਬਰਾਂ ਚੱਲ ਰਹੀਆਂ ਹਨ, ਉਹ ਹਕੀਕਤ ਤੋਂ ਵੱਖ ਹਨ। ਉਨ੍ਹਾਂ ਦੇ ਮੁਤਾਬਕ, ਜਿਨ੍ਹਾਂ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ, ਉਹ ਆਏ ਹਨ ਅਤੇ ਕੁਝ ਆਗੂਆਂ ਨੇ ਆਪਣੀ ਰੁਝੇਵਿਆਂ ਕਾਰਨ ਦੋ ਦਿਨ ਬਾਅਦ ਮਿਲਣ ਦੀ ਗੱਲ ਕਹੀ ਹੈ।
ਉੱਧਰ ਇਹ ਵੀ ਚਰਚਾ ਹੈ ਕਿ ਜਿਵੇਂ ਹੀ ਰਾਹੁਲ ਗਾਂਧੀ ਦਾ ਵਿਦੇਸ਼ ਦੌਰਾ ਸਮਾਪਤ ਹੋਵੇਗਾ ਅਤੇ ਉਹ ਦਿੱਲੀ ਵਾਪਸ ਪਹੁੰਚਣਗੇ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਆਗੂ ਰਾਹੁਲ ਗਾਂਧੀ ਅਤੇ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਇਸ ਬਾਰੇ ਪਾਰਟੀ ਵੱਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਪੰਜਾਬ ਕਾਂਗਰਸ ਭਵਨ ਵਿੱਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਸਭ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਭੂਪੇਸ਼ ਬਘੇਲ ਦੀ ਚੰਨੀ ਧੜੇ ਨਾਲ ਮੁਲਾਕਾਤ ਕਦੋਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਅੰਦਰੂਨੀ ਸਥਿਤੀ ਵਿੱਚ ਕੀ ਬਦਲਾਅ ਆਉਂਦਾ ਹੈ।