ਡੇਰਾਬੱਸੀ : ਭਾਂਖਰਪੁਰ ਨੇੜੇ ਘੱਗਰ ਦਰਿਆ 'ਚ ਮੱਛੀਆਂ ਫੜ੍ਹਨ ਦੌਰਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਵਿਅਕਤੀਆਂ ਵਿੱਚੋਂ ਦਰਸ਼ਨ ਦੀ ਲਾਸ਼ ਕਰੀਬ 40 ਘੰਟਿਆਂ ਬਾਅਦ ਬਨੂੜ ਵੇਅਰ ਬੰਨ ਨੇੜਿਓਂ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਬਰਾਮਦ ਕਰ ਲਈ ਹੈ। ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਟੀਮਾਂ ਵੱਲੋਂ ਬਨੂੜ ਵੇਅਰ ਤੱਕ ਕਰੀਬ ਇੱਕ ਕਿਲੋਮੀਟਰ ਦੇ ਇਲਾਕੇ 'ਚ ਚਲਾਈ ਗਈ ਤਲਾਸ਼ੀ ਦੌਰਾਨ ਲਾਸ਼ ਮਿਲੀ। ਇਸ ਦੌਰਾਨ ਦੂਜੇ ਲਾਪਤਾ ਵਿਅਕਤੀ ਸੁਰਿੰਦਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ ਅਤੇ ਉਸ ਦੀ ਭਾਲ ਲਗਾਤਾਰ ਜਾਰੀ ਹੈ।
ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਰਹਿਣ ਵਾਲੇ ਚੰਦਾ, ਸੁਰਿੰਦਰ ਅਤੇ ਦਰਸ਼ਨ ਸ਼ੁੱਕਰਵਾਰ ਦੁਪਹਿਰ ਕਰੀਬ ਢਾਈ ਵਜੇ ਭਾਂਖਰਪੁਰ ਨੇੜੇ ਘੱਗਰ ਦਰਿਆ 'ਚ ਮੱਛੀਆਂ ਫੜ੍ਹਨ ਲਈ ਗਏ ਸਨ। ਇਸ ਦੌਰਾਨ ਦਰਸ਼ਨ ਦਾ ਪੈਰ ਤਿਲਕਣ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਉਸ ਨੂੰ ਬਚਾਉਣ ਲਈ ਸੁਰਿੰਦਰ ਵੀ ਪਾਣੀ 'ਚ ਉਤਰਿਆ, ਪਰ ਉਹ ਵੀ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ। ਤੀਜੇ ਸਾਥੀ ਚੰਦਾ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਉਹ ਦਰਿਆ ਕੰਢੇ ਲੱਗੀਆਂ ਝਾੜੀਆਂ ਅਤੇ ਬੂਟਿਆਂ ਦੀਆਂ ਜੜ੍ਹਾਂ ਫੜ੍ਹ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ।
ਘਟਨਾ ਤੋਂ ਤੁਰੰਤ ਬਾਅਦ ਮੁਬਾਰਕਪੁਰ ਪੁਲਸ ਨੇ ਰਾਹਤ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਮੁਬਾਰਕਪੁਰ ਪੁਲਸ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਹੇਠਲੇ ਇਲਾਕਿਆਂ ਦੇ ਫਲੱਡ ਕੰਟਰੋਲ ਸੈਂਟਰ ਅਤੇ ਪੁਲਸ ਕੰਟਰੋਲ ਰੂਮ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਦੂਜੇ ਲਾਪਤਾ ਵਿਅਕਤੀ ਦੀ ਭਾਲ ਲਈ ਪੁਲਸ ਵੱਲੋਂ ਦਰਿਆ ਦੇ ਹੇਠਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ।