ਰਾਂਚੀ/ਚਤਰਾ : ਝਾਰਖੰਡ ਦੇ ਚਤਰਾ ਵਿੱਚ ਵਾਪਰੇ ਦਰਦਨਾਕ ਏਅਰ ਐਂਬੂਲੈਂਸ ਹਾਦਸੇ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ 'ਵਾਯੂਯਾਨ ਦੁਰਘਟਨਾ ਅਨਵੇਸ਼ਣ ਬਿਊਰੋ' (AAIB) ਦੀ ਵਿਸ਼ੇਸ਼ ਟੀਮ ਮੰਗਲਵਾਰ ਨੂੰ ਘਟਨਾ ਸਥਾਨ 'ਤੇ ਪਹੁੰਚ ਗਈ ਹੈ। ਅਧਿਕਾਰੀਆਂ ਮੁਤਾਬਕ ਜਾਂਚ ਦਾ ਮੁੱਖ ਕੇਂਦਰ ਖ਼ਰਾਬ ਮੌਸਮ ਅਤੇ ਤਕਨੀਕੀ ਨੁਕਸ ਰਹੇਗਾ।
ਰਡਾਰ ਤੋਂ ਇੰਝ ਗਾਇਬ ਹੋਇਆ ਜਹਾਜ਼
ਨਾਗਰਿਕ ਉਡਾਣ ਮਹਾਨਿਦੇਸ਼ਾਲਿਆ (DGCA) ਵੱਲੋਂ ਜਾਰੀ ਬਿਆਨ ਅਨੁਸਾਰ:
ਉਡਾਣ ਦਾ ਸਮਾਂ: ਸ਼ਾਮ 7:11 ਵਜੇ (ਰਾਂਚੀ ਤੋਂ ਦਿੱਲੀ ਲਈ)।
ਸੰਪਰਕ ਟੁੱਟਿਆ: ਸ਼ਾਮ 7:34 ਵਜੇ।
ਲੋਕੇਸ਼ਨ: ਵਾਰਾਣਸੀ ਤੋਂ ਲਗਭਗ 100 ਸਮੁੰਦਰੀ ਮੀਲ ਦੱਖਣ-ਪੂਰਬ ਵਿੱਚ ਜਹਾਜ਼ ਦਾ ਕੋਲਕਾਤਾ ਏ.ਟੀ.ਸੀ. ਅਤੇ ਰਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ।
ਕੀ ਬਰਾਮਦ ਹੋਵੇਗਾ 'ਬਲੈਕ ਬਾਕਸ'?
ਜਾਂਚ ਟੀਮਾਂ ਲਈ ਸਭ ਤੋਂ ਅਹਿਮ ਚੁਣੌਤੀ ਜਹਾਜ਼ ਦਾ 'ਬਲੈਕ ਬਾਕਸ' (Flight Data Recorder) ਬਰਾਮਦ ਕਰਨਾ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਮਿਲਿਆ ਹੈ ਜਾਂ ਨਹੀਂ। ਬਲੈਕ ਬਾਕਸ ਤੋਂ ਹੀ ਪਤਾ ਲੱਗ ਸਕੇਗਾ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਇੰਜਣ ਦੀ ਹਾਲਤ ਕੀ ਸੀ ਅਤੇ ਪਾਇਲਟਾਂ ਵਿਚਕਾਰ ਕੀ ਗੱਲਬਾਤ ਹੋਈ ਸੀ।
ਇੱਕ ਮਹੀਨੇ 'ਚ ਦੂਜਾ ਵੱਡਾ ਹਾਦਸਾ
ਦੇਸ਼ ਵਿੱਚ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ, ਕਿਉਂਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਉਪ-ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰਾਂ ਦੀ ਮੌਤ ਹੋ ਗਈ ਸੀ। ਹਾਦਸਾਗ੍ਰਸਤ ਹੋਇਆ 'ਬੀਚਕਰਾਫਟ ਸੀ90' ਜਹਾਜ਼ ਰੇਡਬਰਡ ਏਅਰਵੇਜ਼ ਪ੍ਰਾਈਵੇਟ ਲਿਮਟਿਡ ਦਾ ਸੀ। ਕੰਪਨੀ ਕੋਲ ਕੁੱਲ 6 ਜਹਾਜ਼ਾਂ ਦਾ ਬੇੜਾ ਹੈ। ਹੁਣ ਅਧਿਕਾਰੀ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਕੰਪਨੀ ਵੱਲੋਂ ਸੁਰੱਖਿਆ ਮਾਪਦੰਡਾਂ ਅਤੇ ਜਹਾਜ਼ਾਂ ਦੀ ਮੇਨਟੇਨੈਂਸ (ਰੱਖ-ਰਖਾਅ) ਵਿੱਚ ਕੋਈ ਕੁਤਾਹੀ ਤਾਂ ਨਹੀਂ ਵਰਤੀ ਗਈ।