ਈਰਾਨ-ਇਜ਼ਰਾਈਲ ਜੰਗ ਅਤੇ ਕੌਮਾਂਤਰੀ ਤਣਾਅ ਦਾ ਅਸਰ ਹੁਣ ਭਾਰਤ ਵਿੱਚ ਤੇਲ ਦੀਆਂ ਕੀਮਤਾਂ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਦੇਸ਼ ਦੀ ਵੱਡੀ ਨਿੱਜੀ ਤੇਲ ਕੰਪਨੀ ਨਾਇਰਾ ਐਨਰਜੀ (Nayara Energy) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਪੈਟਰੋਲ ਦੀ ਕੀਮਤ ਵਿੱਚ 5.30 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਦੌਰਾਨ, ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਸੂਤਰਾਂ ਮੁਤਾਬਕ ਨਯਾਰਾ ਐਨਰਜੀ ਭਾਰਤ ਦੇ 102,075 ਪੈਟਰੋਲ ਪੰਪਾਂ ਵਿੱਚੋਂ 6,967 ਦਾ ਸੰਚਾਲਨ ਕਰਦੀ ਹੈ। ਕੰਪਨੀ ਨੇ ਆਪਣੀਆਂ ਵਧੀਆਂ ਹੋਈਆਂ ਇਨਪੁੱਟ ਲਾਗਤਾਂ ਦਾ ਕੁਝ ਭਾਰ ਗਾਹਕਾਂ ਉੱਤੇ ਪਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਤੁਰੰਤ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ, ਰਿਲਾਇੰਸ ਇੰਡਸਟਰੀਜ਼ ਅਤੇ ਬੀਪੀ ਪੀਐਲਸੀ ਦੇ ਸਾਂਝੇ ਪ੍ਰਚੂਨ ਉੱਦਮ, ਜੀਓ-ਬੀਪੀ - ਜਿਸਦੇ 2,185 ਆਉਟਲੈਟ ਹਨ ਅਤੇ ਕੰਪਨੀ ਨੇ ਅਜੇ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਜੇ ਤੱਕ ਨਹੀਂ ਵਧਾਈਆਂ ਹਨ। ਸਰਕਾਰੀ ਤੇਲ ਪ੍ਰਚੂਨ ਵਿਕਰੇਤਾ, ਜਿਨ੍ਹਾਂ ਦਾ ਲਗਭਗ 90 ਪ੍ਰਤੀਸ਼ਤ ਬਾਜ਼ਾਰ ਹਿੱਸਾ ਹੈ, ਅਜੇ ਵੀ ਸਥਿਰ ਕੀਮਤਾਂ ਉੱਤੇ ਤੇਲ ਦੀ ਵਿਕਰੀ ਕਰ ਰਹੇ ਹਨ।
ਕਿਉਂ ਵਧੀਆਂ ਕੀਮਤਾਂ?
ਸਰੋਤਾਂ ਅਨੁਸਾਰ ਤੇਲ ਦੀਆਂ ਕੀਮਤਾਂ ਵਿੱਚ ਇਸ ਵਾਧੇ ਦੇ ਪਿੱਛੇ ਮੁੱਖ ਕਾਰਨ ਕੌਮਾਂਤਰੀ ਹਾਲਾਤ ਹਨ:
ਈਰਾਨ-ਇਜ਼ਰਾਈਲ ਜੰਗ: ਜੰਗ ਕਾਰਨ ਹੋਰਮੁਜ਼ ਸਟ੍ਰੇਟ (Strait of Hormuz) ਰਾਹੀਂ ਤੇਲ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਰੂਸ-ਯੂਕਰੇਨ ਟਕਰਾਅ: ਯੂਕਰੇਨ ਦੇ ਡਰੋਨ ਹਮਲਿਆਂ ਕਾਰਨ ਰੂਸ ਦੀ ਤੇਲ ਨਿਰਯਾਤ ਸਮਰੱਥਾ ਵਿੱਚ ਲਗਭਗ 40 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਨਾਲ ਸੰਸਾਰ ਪੱਧਰ 'ਤੇ ਤੇਲ ਦਾ ਸੰਕਟ ਪੈਦਾ ਹੋ ਗਿਆ ਹੈ।
ਕੱਚੇ ਤੇਲ ਵਿੱਚ ਉਛਾਲ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਹਨ।
35 ਦਿਨਾਂ ਲਈ ਬੰਦ ਰਹੇਗੀ ਰਿਫਾਇਨਰੀ
ਰੂਸੀ ਕੰਪਨੀ ਰੋਸਨੇਫਟ ਦੇ ਸਹਿਯੋਗ ਵਾਲੀ ਨਾਇਰਾ ਐਨਰਜੀ ਅਪ੍ਰੈਲ ਦੀ ਸ਼ੁਰੂਆਤ ਤੋਂ ਆਪਣੀ ਰਿਫਾਇਨਰੀ ਨੂੰ ਮੈਂਟੇਨੈਂਸ ਲਈ 35 ਦਿਨਾਂ ਲਈ ਬੰਦ ਕਰਨ ਜਾ ਰਹੀ ਹੈ। ਇਸ ਨਾਲ ਦੇਸ਼ ਦੀ ਕੁੱਲ ਰਿਫਾਈਨਿੰਗ ਸਮਰੱਥਾ ਵਿੱਚ 8 ਫੀਸਦੀ ਦੀ ਕਮੀ ਆਵੇਗੀ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਤੇਲ ਦੀ ਕਿੱਲਤ ਹੋਰ ਵਧ ਸਕਦੀ ਹੈ।
ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ
ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕਿੱਲਤ ਦੀ ਚਿੰਤਾ ਦੇ ਚੱਲਦਿਆਂ ਕਈ ਸ਼ਹਿਰਾਂ ਵਿੱਚ ਲੋਕ ਤੇਲ ਭਰਵਾਉਣ ਲਈ ਪੰਪਾਂ 'ਤੇ ਭੱਜ ਰਹੇ ਹਨ। ਕਈ ਥਾਵਾਂ 'ਤੇ 'ਨੋ ਸਟਾਕ' (No Stock) ਦੇ ਬੋਰਡ ਵੀ ਦੇਖਣ ਨੂੰ ਮਿਲ ਰਹੇ ਹਨ।
ਵੱਖ-ਵੱਖ ਸ਼ਹਿਰਾਂ ਵਿੱਚ ਤੇਲ ਦੇ ਭਾਅ (ਪ੍ਰਤੀ ਲੀਟਰ):
ਚੰਡੀਗੜ੍ਹ: 94.30 ਰੁਪਏ
ਦਿੱਲੀ: 94.77 ਰੁਪਏ
ਮੁੰਬਈ: 103.54 ਰੁਪਏ
ਗੁਰੂਗ੍ਰਾਮ: 95.57 ਰੁਪਏ
ਕੋਲਕਾਤਾ: 105.41 ਰੁਪਏ