ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ ਘਰ ਇਕ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਅਤੇ ਚੀਫ਼ ਆਫ਼ ਡਿਫੈਂਸ (ਸੀਡੀਐੱਸ) ਜਨਰਲ ਅਨਿਲ ਚੌਹਾਨ ਸ਼ਾਮਲ ਹੋਏ। ਏਅਰ ਚੀਫ਼ ਮਾਰਸ਼ਲ ਏਪੀ ਸਿੰਘ, ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਬੈਠਕ 'ਚ ਮੌਜੂਦ ਰਹੇ।
ਦੱਸਣਯੋਗ ਹੈ ਕਿ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ 11 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਥਿਆਰਬੰਦ ਫ਼ੋਰਸਾਂ ਨੂੰ ਸਰਹੱਦ ਤੋਂ ਹੋਣ ਵਾਲੀ ਗੋਲੀਬਾਰੀ ਅਤੇ ਗੋਲਾਬਾਰੀ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਦੇ ਸਪੱਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਸੀ,''ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ।'' ਉਨ੍ਹਾਂ ਕਿਹਾ ਕਿ 'ਆਪਰੇਸ਼ਨ ਸਿੰਦੂਰ' ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਭਾਰਤ ਕੰਟਰੋਲ ਰੇਖਾ (ਐੱਲਓਸੀ) ਪਾਰ ਤੋਂ ਦਾਗ਼ੀ ਗਈ ਹਰ ਪਾਕਿਸਤਾਨੀ ਗੋਲੀ ਦਾ ਜਵਾਬ ਬੰਬ ਨਾਲ ਦੇਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਹੁਣ ਬਹੁਤ ਹੋ ਗਿਆ,''ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ।'' (ਜੇਕਰ ਉਹ ਉੱਥੋਂ ਗੋਲੀਆਂ ਚਲਾਉਂਦੇ ਹਨ ਤਾਂ ਅਸੀਂ ਬੰਬ ਨਾਲ ਜਵਾਬ ਦੇਵਾਂਗੇ)। ਪਿਛਲੇ ਮਹੀਨੇ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਈ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਨ ਲਈ 7 ਮਈ ਨੂੰ 'ਆਪਰੇਸ਼ਨ ਸਿੰਦੂਰ' ਸ਼ੁਰੂ ਕੀਤਾ ਗਿਆ ਸੀ।