ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋਣ ਮਗਰੋਂ ਸਰਹੱਦ 'ਤੇ ਸ਼ਾਂਤੀ ਬਣੀ ਹੋਈ ਹੈ। ਦੋਹਾਂ ਦੇਸ਼ਾਂ ਵਿਚਾਲੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਸ (DGMO) ਦੀ ਗੱਲਬਾਤ ਦਾ ਸਮਾਂ ਬਦਲ ਗਿਆ ਹੈ, ਹੁਣ ਸ਼ਾਮ ਨੂੰ ਮੀਟਿੰਗ ਹੋਵੇਗੀ। ਪਹਿਲਾਂ ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਹੋਣੀ ਸੀ। ਇੱਥੇ ਦੱਸ ਦੇਈਏ ਕਿ ਭਾਰਤ ਦੇ DGMO ਲੈਫਟੀਨੈਂਟ ਜਨਰਲ ਸੰਜੀਵ ਘਈ ਅਤੇ ਪਾਕਿਸਤਾਨ ਦੇ DGMO ਮੇਜਰ ਜਨਰਲ ਕਾਸ਼ਿਫ ਅਬਦੁੱਲਾ ਹਨ।ਦੋਵੇਂ ਦੇਸ਼ਾਂ ਦੇ DGMO ਵਿਚਾਲੇ ਗੱਲਬਾਤ ਕਾਫੀ ਅਹਿਮ ਹੈ, ਜਿਸ ਵਿਚ ਜੰਗਬੰਦੀ ਉਲੰਘਣ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। DGMO ਵਿਚਾਲੇ ਗੱਲਬਾਤ ਦਾ ਮੁੱਖ ਉਦੇਸ਼ ਜੰਗਬੰਦੀ ਉਲੰਘਣ ਅਤੇ ਸਰਹੱਦ 'ਤੇ ਜਾਰੀ ਤਣਾਅ ਨੂੰ ਘੱਟ ਕਰਨਾ ਹੈ। ਇੱਥੇ ਦੱਸ ਦੇਈਏ ਕਿ DGMO ਵਿਚਾਲੇ ਗੱਲਬਾਤ ਲਈ ਇਕ ਵਿਸ਼ੇਸ਼ ਹੌਟਲਾਈਨ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਦੋਵਾਂ ਦੇਸ਼ਾਂ ਵਿਚਾਲੇ ਤੁਰੰਤ ਅਤੇ ਸਿੱਧੀ ਗੱਲਬਾਤ ਦੀ ਸਹੂਲਤ ਨੂੰ ਪ੍ਰਦਾਨ ਕਰਦਾ ਹੈ।
ਦੱਸ ਦੇਈਏ ਕਿ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ DGMO ਪੱਧਰ ਦੀ ਗੱਲਬਾਤ ਹੋਈ ਸੀ। ਇਸ ਗੱਲਬਾਤ ਵਿਚ ਦੋਹਾਂ ਦੇਸ਼ਾਂ ਦੇ DGMO ਨੇ ਜੰਗਬੰਦੀ ਯਾਨੀ ਕਿ ਸੀਜਫਾਇਰ 'ਤੇ ਸਹਿਮਤੀ ਜਤਾਈ ਸੀ। ਇਸ ਸਹਿਮਤੀ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਜ਼ਮੀਨ, ਹਵਾ ਅਤੇ ਸਮੁੰਦਰ ਵਿਚ ਸਾਰੀ ਤਰ੍ਹਾਂ ਦੀ ਫ਼ੌਜੀ ਕਾਰਵਾਈ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਗਈ ਸੀ। ਹਾਲਾਂਕਿ ਜੰਗਬੰਦੀ ਦੇ 3 ਘੰਟੇ ਮਗਰੋਂ ਪਾਕਿਸਤਾਨ ਨੇ ਇਸ ਦਾ ਉਲੰਘਣ ਕੀਤਾ ਸੀ ਅਤੇ ਕੰਟਰੋਲ ਰੇਖਾ LoC ਨੇੜੇ ਗੋਲੀਬਾਰੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ 6 ਮਈ ਦੀ ਰਾਤ ਨੂੰ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ 9 ਅੱਤਵਾਦੀਆਂ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਸਾਰੇ ਹਮਲਿਆਂ ਦਾ ਜਵਾਬ 'ਆਪ੍ਰੇਸ਼ਨ ਸਿੰਦੂਰ' ਤਹਿਤ ਦਿੱਤਾ ਗਿਆ। ਭਾਰਤ ਦੀ ਇਸ ਕਾਰਵਾਈ ਮਗਰੋਂ ਪਾਕਿਸਤਾਨ ਵਲੋਂ ਭਾਰਤ ਵਿਚ ਲਗਾਤਾਰ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ। ਜਿਸ ਦਾ ਭਾਰਤੀ ਫ਼ੌਜ ਨੇ ਮੂੰਹ-ਤੋੜ ਜਵਾਬ ਦਿੱਤਾ।