ਸੋਮਵਾਰ ਯਾਨੀ ਕਿ ਅੱਜ ਸਵੇਰੇ ਗ੍ਰੀਨ ਗੈਸ ਦੀ ਪਾਈਪ ਲਾਈਨ ਲੀਕ ਹੋ ਗਈ। ਜਿਸ ਕਾਰਨ ਆਗਰਾ ਦੇ ਇਕ ਵੱਡੇ ਖੇਤਰ ਵਿਚ ਗੈਸ ਸਪਲਾਈ ਠੱਪ ਹੋ ਗਈ। ਘਰਾਂ 'ਚ ਸਵੇਰੇ-ਸਵੇਰੇ ਭਾਜੜਾਂ ਪੈ ਗਈਆਂ। ਲੋਕ ਸਿਲੰਡਰ ਅਤੇ ਚੁੱਲ੍ਹੇ ਦੀ ਵਿਵਸਥਾ ਕਰਨ ਲੱਗੇ।
ਮਿਲੀ ਜਾਣਕਾਰੀ ਮੁਤਾਬਕ ਆਗਰਾ ਦੇ ਕੈਲਾਸ਼ਪੁਰੀ ਨੇੜੇ ਨਗਰ ਨਿਗਮ ਵਲੋਂ ਹੋ ਰਹੀ ਖੋਦਾਈ ਦੌਰਾਨ ਭੂਮੀਗਤ ਗੈਸ ਪਾਈਪ ਲਾਈਨ ਨੁਕਸਾਨੀ ਗਈ। ਗੈਸ ਪਾਈਪ ਲਾਈਨ ਲੀਕ ਹੋਣ ਦੀ ਜਾਣਕਾਰੀ ਮਗਰੋਂ ਗ੍ਰੀਨ ਗੈਸ ਲਿਮਟਿਡ ਦੇ ਕਰਮੀ ਮੌਕੇ 'ਤੇ ਪਹੁੰਚੇ। ਕਰਮੀਆਂ ਵਲੋਂ ਲੀਕੇਜ ਦੀ ਥਾਂ ਲੱਭੀ ਜਾ ਰਹੀ ਹੈ ਤਾਂ ਜੋ ਇਸ ਨੂੰ ਠੀਕ ਕੀਤਾ ਜਾ ਸਕੇ। ਕਰਮੀਆਂ ਵਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸ਼ਾਮ 5 ਵਜੇ ਤੱਕ ਗੈਸ ਚਾਲੂ ਹੋ ਜਾਵੇਗੀ।
ਇਸ ਗੈਸ ਪਾਈਪ ਲਾਈਨ ਦੀ ਲੀਕੇਜ ਕਾਰਨ ਇਸ ਦੀ ਸਪਲਾਈ ਕੈਲਾਸ਼ਪੁਰੀ, ਪੱਛਮੀਪੁਰੀ, ਸਿਕੰਦਰਾ, ਬੋਦਲਾ ਸਮੇਤ ਜੈਪੁਰ ਹਾਊਸ ਤੱਕ ਦੀਆਂ ਕਾਲੋਨੀਆਂ ਪ੍ਰਭਾਵਿਤ ਹੋਈਆਂ। ਜਿਸ ਤੋਂ ਬਾਅਦ ਲੋਕ ਗ੍ਰੀਨ ਗੈਸ ਲਿਮਟਿਡ ਦੇ ਕਸਟਮਰ ਕੇਅਰ ਨੂੰ ਫੋਨ ਕਰਨ ਲੱਗੇ। ਜਿੱਥੋਂ ਜਾਣਕਾਰੀ ਮਿਲੀ ਕਿ ਲੀਕੇਜ ਹੋਈ ਹੈ। ਲੋਕਾਂ ਨੇ ਸਵੇਰੇ-ਸਵੇਰੇ ਘਰਾਂ ਵਿਚ ਚਾਹ-ਨਾਸ਼ਤੇ ਲਈ ਛੋਟੇ ਸਿਲੰਡਰਾਂ ਅਤੇ ਚੁੱਲ੍ਹਿਆ ਦਾ ਸਹਾਰਾ ਲਿਆ।