ਮੋਹਾਲੀ : ਮੋਹਾਲੀ ਦੇ ਪਿੰਡ ਸੋਹਾਣਾ 'ਚ ਨਰਸ ਨਸੀਬ ਕੌਰ ਵਾਸੀ ਅਬੋਹਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਪਿੰਡ ਦੇ ਇਕ ਟੋਭੇ ਕੋਲ ਛੱਡਣ ਦੇ ਮਾਮਲੇ 'ਚ ਮੋਹਾਲੀ ਅਦਾਲਤ ਨੇ ਥਾਣੇਦਾਰ ਰਸ਼ਪ੍ਰੀਤ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰਖ਼ਾਸਤ ਥਾਣੇਦਾਰ ਰਸ਼ਪ੍ਰੀਤ ਸਿੰਘ ਨੂੰ ਕਤਲ ਦੀ ਧਾਰਾ-302 'ਚ ਉਮਰਕੈਦ, 40 ਹਜ਼ਾਰ ਜੁਰਮਾਨਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ 'ਚ ਧਾਰਾ-201 'ਚ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਜਾਣਕਾਰੀ ਅਨੁਸਾਰ ਨਵੰਬਰ 2022 ਨੂੰ ਕਿਸੇ ਰਾਹਗੀਰ ਨੇ ਪੁਲਸ ਨੂੰ ਪਿੰਡ ਦੇ ਛੱਪੜ ਕੋਲ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਸੀ।
ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਿਆ ਕਿ ਲਾਸ਼ ਨਸੀਬ ਕੌਰ ਦੀ ਹੈ, ਜੋ ਕਿ ਪਿੰਡ ਦੇ ਇਕ ਪੀ. ਜੀ 'ਚ ਰਹਿੰਦੀ ਸੀ ਅਤੇ ਪੰਚਕੂਲਾ ਦੇ ਕਿਸੇ ਨਿੱਜੀ ਹਸਪਤਾਲ 'ਚ ਬਤੌਰ ਨਰਸ ਨੌਕਰੀ ਕਰਦੀ ਸੀ। ਸ਼ੁਰੂਆਤ 'ਚ ਪੁਲਸ ਲਈ ਇਹ ਕਤਲ ਅਣਸੁਲਝਿਆ ਸੀ। ਪੁਲਸ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਕੈਮਰਿਆਂ 'ਚ ਰਸ਼ਪ੍ਰੀਤ ਸਿੰਘ ਲਾਸ਼ ਨੂੰ ਕਿਸੇ ਚੀਜ਼ 'ਚ ਬੰਨ ਕੇ ਸਕੂਟਰ 'ਤੇ ਲਿਜਾਂਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਰਸ਼ਪ੍ਰੀਤ ਸਿੰਘ ਨੂੰ ਕਤਲ ਦੇ ਮਾਮਲੇ 'ਚ ਨਾਮਜ਼ਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਜਦੋਂ ਰਸ਼ਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਰਸ਼ਪ੍ਰੀਤ ਸਿੰਘ ਚਿੱਟੇ ਦਾ ਨਸ਼ਾ ਕਰਦਾ ਸੀ। ਰਸ਼ਪ੍ਰੀਤ ਸਿੰਘ ਅਤੇ ਨਸੀਬ ਕੌਰ ਇਕ-ਦੂਜੇ ਨੂੰ ਕਾਫੀ ਸਮੇਂ ਤੋਂ ਚੰਗੀ ਤਰ੍ਹਾਂ ਜਾਣਦੇ ਸਨ।
ਜਿਸ ਦਿਨ ਨਸੀਬ ਕੌਰ ਦੀ ਮੌਤ ਹੋਈ, ਉਸ ਦਿਨ ਉਹ ਦੋਵੇਂ ਇਕੱਠੇ ਸਨ। ਰਸ਼ਪ੍ਰੀਤ ਸਿੰਘ ਦੀ ਕਿਸੇ ਗੱਲ ਤੋਂ ਨਸੀਬ ਕੌਰ ਨਾਲ ਤਲਖੀ ਹੋ ਗਈ, ਜਿਸ ਕਾਰਨ ਰਸ਼ਪ੍ਰੀਤ ਸਿੰਘ ਨੇ ਨਸ਼ੇ ਦੀ ਹਾਲਤ 'ਚ ਨਸੀਬ ਕੌਰ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਰਸ਼ਪ੍ਰੀਤ ਸਿੰਘ ਡਰ ਗਿਆ ਅਤੇ ਉਸ ਨੇ ਨਸੀਬ ਕੌਰ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਕਿਸੇ ਚੀਜ਼ 'ਚ ਬੰਨ ਕੇ ਸਕੂਟਰ 'ਤੇ ਰੱਖਿਆ ਅਤੇ ਪਿੰਡ ਦੇ ਹੀ ਟੋਭੇ ਕੋਲ ਲਾਸ਼ ਨੂੰ ਰੱਖ ਕੇ ਫ਼ਰਾਰ ਹੋ ਗਿਆ। ਪੁਲਸ ਦੇ ਦੱਸਣ ਅਨੁਸਾਰ ਉਕਤ ਥਾਣੇਦਾਰ ਦੇ ਖ਼ਿਲਾਫ਼ ਥਾਣਾ ਮਟੌਰ ਵਿਖੇ ਇਕ ਘਰ 'ਚ ਵੜ ਕੇ ਲੁੱਟ-ਖੋਹ ਅਤੇ ਕੁੱਟਮਾਰ ਕਰਨ ਦਾ ਮਾਮਲਾ ਵੀ ਦਰਜ ਹੈ ਅਤੇ ਇਸੇ ਮਾਮਲੇ 'ਚ ਉਸ ਨੂੰ ਵਿਭਾਗ ਵਲੋਂ ਬਰਖ਼ਾਸਤ ਕੀਤਾ ਗਿਆ ਸੀ।