ਗਾਂਧੀਨਗਰ : ਪੱਛਮੀ ਏਸ਼ੀਆ 'ਚ ਚੱਲ ਰਹੇ ਤਣਾਅ ਦੇ ਵਿਚਕਾਰ ਗੁਜਰਾਤ ਸਰਕਾਰ ਨੇ ਸੂਬੇ ਵਿੱਚ ਐੱਲ.ਪੀ.ਜੀ. (LPG) ਅਤੇ ਕੁਦਰਤੀ ਗੈਸ ਦੀ ਕਿੱਲਤ ਦੇ ਵਿਰੋਧੀ ਧਿਰ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਵਿਧਾਨ ਸਭਾ ਵਿੱਚ ਭਰੋਸਾ ਦਿੰਦਿਆਂ ਸਰਕਾਰ ਨੇ ਸਪੱਸ਼ਟ ਕੀਤਾ ਕਿ ਸੂਬੇ ਕੋਲ ਗੈਸ ਸਿਲੰਡਰਾਂ ਦਾ ਲੋੜੀਂਦਾ ਭੰਡਾਰ ਮੌਜੂਦ ਹੈ ਅਤੇ ਨਾਗਰਿਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਕਾਂਗਰਸ ਵੱਲੋਂ ਵਿਰੋਧ ਪ੍ਰਦਰਸ਼ਨ
ਇਸ ਮੁੱਦੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਘਰੇਲੂ ਔਰਤਾਂ ਨੂੰ ਐੱਲ.ਪੀ.ਜੀ. ਸਿਲੰਡਰ 450 ਰੁਪਏ 'ਚ ਮੁਹੱਈਆ ਕਰਵਾਇਆ ਜਾਵੇ। ਸਦਨ 'ਚ ਮੁੱਦਾ ਉਠਾਉਂਦੇ ਹੋਏ ਕਾਂਗਰਸੀ ਵਿਧਾਇਕ ਸ਼ੈਲੇਸ਼ ਪਰਮਾਰ ਨੇ ਕਿਹਾ ਕਿ ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕਾਰਨ ਲੋਕਾਂ 'ਚ ਐੱਲ.ਪੀ.ਜੀ., ਪੀ.ਐੱਨ.ਜੀ. ਅਤੇ ਸੀ.ਐੱਨ.ਜੀ. ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ।
ਸਰਕਾਰ ਵੱਲੋਂ ਅੰਕੜੇ ਪੇਸ਼
ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਖੁਰਾਕ ਅਤੇ ਨਾਗਰਿਕ ਸਪਲਾਈ ਮੰਤਰੀ ਰਮਨਭਾਈ ਸੋਲੰਕੀ ਨੇ ਦੱਸਿਆ ਕਿ ਅੱਜ ਦੀ ਤਰੀਕ 'ਚ ਸੂਬੇ ਕੋਲ 4,16,504 ਐੱਲ.ਪੀ.ਜੀ. ਸਿਲੰਡਰਾਂ ਦਾ ਸਟਾਕ ਹੈ। ਉਨ੍ਹਾਂ ਕੰਪਨੀ ਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ (IOC) 'ਚ 1,66,128 ਸਿਲੰਡਰ, ਭਾਰਤ ਪੈਟਰੋਲੀਅਮ (BPCL) ਦੇ 1,50,009 ਸਿਲੰਡਰ ਹਿੰਦੁਸਤਾਨ ਪੈਟਰੋਲੀਅਮ (HPCL) ਦੇ 1,00,367 ਸਿਲੰਡਰਾਂ ਦਾ ਸਟਾਕ ਮੌਜੂਦ ਹੈ।
ਅਫਵਾਹਾਂ ਤੋਂ ਬਚਣ ਦੀ ਸਲਾਹ
ਵਨ ਤੇ ਵਾਤਾਵਰਣ ਮੰਤਰੀ ਅਰਜੁਨ ਮੋਢਵਾਡੀਆ ਨੇ ਕਿਹਾ ਕਿ ਗੈਸ ਦੀ ਕਮੀ ਬਾਰੇ ਗਲਤ ਜਾਣਕਾਰੀ ਦੇਣ ਨਾਲ ਲੋਕਾਂ 'ਚ ਦਹਿਸ਼ਤ ਫੈਲ ਸਕਦੀ ਹੈ, ਜਿਸ ਕਾਰਨ ਏਜੰਸੀਆਂ ਦੇ ਬਾਹਰ ਬੇਲੋੜੀ ਭੀੜ ਲੱਗ ਸਕਦੀ ਹੈ। ਸਰਕਾਰ ਨੇ ਭਰੋਸਾ ਦਿੱਤਾ ਕਿ ਘਰਾਂ, ਹਸਪਤਾਲਾਂ ਅਤੇ ਹੋਰ ਸੰਸਥਾਵਾਂ ਨੂੰ ਗੈਸ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇਗੀ। ਮੰਤਰੀ ਸੋਲੰਕੀ ਨੇ ਇਹ ਵੀ ਕਿਹਾ ਕਿ ਖਬਰਾਂ ਵਿੱਚ ਦਿਖਾਈਆਂ ਜਾ ਰਹੀਆਂ ਗੱਲਾਂ ਤੋਂ ਇਲਾਵਾ ਅਸਲ ਵਿੱਚ ਕਿਤੇ ਵੀ ਸਪਲਾਈ ਸਬੰਧੀ ਕੋਈ ਸ਼ਿਕਾਇਤ ਨਹੀਂ ਹੈ।