ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਐਤਵਾਰ ਨੂੰ ਜਨਤਾ ਦਲ (ਯੂਨਾਈਟੇਡ) 'ਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਉਹ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇੰਜੀਨੀਅਰਿੰਗ 'ਚ ਗਰੈਜੂਏਟ ਨਿਸ਼ਾਂਤ ਨੂੰ ਪਾਰਟੀ ਹੈੱਡ ਕੁਆਰਟਰ 'ਚ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ 'ਲਲਨ' ਅਤੇ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਸਮੇਤ ਪ੍ਰਮੁੱਖ ਨੇਤਾਵਾਂ ਦੀ ਮੌਜੂਦਗੀ 'ਚ ਜਨਤਾ ਦਲ (ਯੂ) 'ਚ ਸ਼ਾਮਲ ਕੀਤਾ ਗਿਆ। ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਨਿਸ਼ਾਂਤ ਨੇ ਕਿਹਾ,''ਮੇਰੇ ਪਿਤਾ ਨੇ ਰਾਜ ਸਭਾ ਮੈਂਬਰ ਬਣਨ ਦਾ ਫ਼ੈਸਲਾ ਲਿਆ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਸੀ। ਅਸੀਂ ਸਾਰੇ ਇਸ ਦਾ ਸਨਮਾਨ ਕਰਦੇ ਹਾਂ। ਅਸੀਂ ਉਨ੍ਹਾਂ ਦੇ ਮਾਰਦਰਸ਼ਨ 'ਚ ਕੰਮ ਕਰਦੇ ਰਹਿਣਗੇ। ਮੈਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗਾ।''
ਨਿਸ਼ਾਂਤ ਨੇ ਦਾਅਵਾ ਕੀਤਾ ਕਿ ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ ਉਨ੍ਹਾਂ ਦੇ ਪਿਤਾ ਨਿਤੀਸ਼ ਕੁਮਾਰ ਨੇ ਪਿਛਲੇ 20 ਸਾਲਾਂ 'ਚ ਰਾਜ ਲਈ ਬਹੁਤ ਕੁਝ ਕੀਤਾ। ਉਨ੍ਹਾਂ ਕਿਹਾ,''ਰਾਜ ਦੀ ਜਨਤਾ ਕਦੇ ਵੀ ਉਨ੍ਹਾਂ ਦੇ (ਨਿਤੀਸ਼) ਵਲੋਂ ਰਾਜ ਦੇ ਵਿਕਾਸ 'ਚ ਕੀਤੇ ਗਏ ਯੋਗਦਾਨ ਨੂੰ ਨਹੀਂ ਭੁੱਲੇਗੀ।'' ਜਨਤਾ ਦਲ (ਯੂ) ਦਫ਼ਤਰ 'ਚ ਪਹੁੰਚਣ 'ਤੇ ਨਿਸ਼ਾਂਤ ਦਾ ਜ਼ੋਰਦਾਰ ਸਵਾਗਤ ਕੀਤਾ। ਪਾਰਟੀ ਵਰਕਰ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਪਾਰਟੀ ਦਾ ਝੰਡਾ ਲਹਿਰਾਉਂਦੇ ਹੋਏ ਢੋਲ ਵਜਾਉਂਦੇ ਦਿੱਸੇ। ਇਸ ਵਿਚ, ਅਟਕਲਾਂ ਹਨ ਕਿ ਨਿਸ਼ਾਂਤ ਨੂੰ ਨਵੀਂ ਸਰਕਾਰ 'ਚ ਉੱਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਨਿਤੀਸ਼ ਕੁਮਾਰ ਦੇ ਇਕ ਕਰੀਬੀ ਸਹਿਯੋਗੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਇਕ ਸਰਬਸੰਮਤੀ ਫ਼ੈਸਲਾ ਲਿਆ ਗਿਆ ਹੈ ਕਿ ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਬਾਅਦ ਨਵੀਂ ਸਰਕਾਰ 'ਚ ਨਿਸ਼ਾਂਤ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਸਭਾ ਚੋਣਾਂ ਲਈ ਵੀਰਵਾਰ ਨੂੰ ਆਪਣੀ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਹਰਨੌਤ ਤੋਂ ਜਨਤਾ ਦਲ (ਯੂ) ਦੇ ਵਿਧਾਇਕ ਹਰੀ ਨਾਰਾਇਣ ਸਿੰਘ ਨੇ ਦਾਅਵਾ ਕੀਤਾ ਕਿ ਨਿਸ਼ਾਂਤ ਨੂੰ ਅਗਲੇ ਮਹੀਨੇ ਰਾਜ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣਿਆ ਜਾਵੇਗਾ।