ਫਿਰੋਜ਼ਪੁਰ : ਥਾਣਾ ਕੈਂਟ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਧੋਬੀਘਾਟ ਦੇ ਕੋਲ ਛਾਪਾ ਮਾਰ ਕੇ ਇੱਕ ਤਸਕਰ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਫੜ੍ਹਿਆ ਹੈ। ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਅਨਾਥ ਆਸ਼ਰਮ ਚੌਂਕ ਦੇ ਕੋਲ ਗਸ਼ਤ 'ਤੇ ਸੀ ਤਾਂ ਸੂਚਨਾ ਮਿਲੀ ਕਿ ਮਿਠਣ ਪੁੱਤਰ ਬਲਕਾਰ ਪਿੰਡ ਖਲਚੀ ਜਦੀਦ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਇਸ ਸਮੇਂ ਉਹ ਧੋਬੀਘਾਟ ਦੇ ਕੋਲ ਬੇਆਬਾਦ ਸਥਾਨ 'ਤੇ ਖੜ੍ਹਾ ਕਿਸੇ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ।
ਏ. ਐੱਸ. ਆਈ. ਨੇ ਦੱਸਿਆ ਕਿ ਤੁਰੰਤ ਉੱਥੇ ਛਾਪਾ ਮਾਰ ਕੇ ਉਕਤ ਮਿਠਣ ਨੂੰ ਹਿਰਾਸਤ ਵਿਚ ਲੈ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 105 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ ਕਰੀਬ 52 ਲੱਖ 50 ਹਜ਼ਾਰ ਰੁਪਏ ਹੈ। ਦੋਸ਼ੀ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਐਕਟ ਦਾ ਪਰਚਾ ਦਰਜ ਕਰਨ ਉਪਰੰਤ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।