ਨਵੀਂ ਦਿੱਲੀ : ਭਾਰਤ 18ਵੇਂ BRICS ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। 12-13 ਸਤੰਬਰ ਨੂੰ ਹੋਣ ਵਾਲੇ ਇਸ ਸੰਮੇਲਨ 'ਚ ਸ਼ਾਮਲ ਹੋਣ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਣੇ ਕਈ ਦੇਸ਼ਾਂ ਦੇ ਆਗੂ ਨਵੀਂ ਦਿੱਲੀ ਪਹੁੰਚ ਚੁੱਕੇ ਹਨ।
ਇਸੇ ਦੌਰਾਨ ਸੰਮੇਲਨ ਦੇ ਰਸਮੀ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੱਕ ਮਹੱਤਵਪੂਰਨ ਦੋ-ਪੱਖੀ ਬੈਠਕ ਹੋਈ। ਇਸ ਬੈਠਕ ਦੌਰਾਨ ਦੋਵਾਂ ਦੇਸ਼ਾਂ ਦੇ ਆਰਥਿਕ, ਉਦਯੋਗਿਕ ਅਤੇ ਪਰਮਾਣੂ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਬਾਰੇ ਵਿਸਥਾਰਪੂਰਵਕ ਚਰਚਾ ਹੋਈ।
ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਪਵਿੱਤਰ ਤਾਮਿਲ ਗ੍ਰੰਥ 'ਤਿਰੁੱਕੁਰਲ' ਦਾ ਰੂਸੀ ਵਰਜ਼ਨ ਭੇਂਟ ਕੀਤਾ। 'ਤਿਰੁੱਕੁਰਲ' ਇੱਕ ਪ੍ਰਸਿੱਧ ਤਮਿਲ ਰਚਨਾ ਹੈ ਜੋ ਮਸ਼ਹੂਰ ਤਾਮਿਲ ਕਵੀ-ਸੰਤ ਤਿਰੁਵੱਲੁਵਰ ਦੁਆਰਾ ਰਚੀ ਗਈ ਮੰਨੀ ਜਾਂਦੀ ਹੈ। 1,330 ਦੋ-ਸਤਰੀ ਤੁਕਾਂ ਵਾਲੀ ਇਹ ਰਚਨਾ ਕਿਸੇ ਵਿਸ਼ੇਸ਼ ਦੇਵਤੇ, ਜਾਤ ਜਾਂ ਧਰਮ ਨਾਲ ਬੱਝੇ ਬਿਨਾਂ ਨੈਤਿਕ ਅਤੇ ਨੇਕ ਜੀਵਨ ਜਿਊਣ ਬਾਰੇ ਪ੍ਰੇਰਿਤ ਕਰਦੀ ਹੈ। ਇਸ ਦੀਆਂ ਸਿੱਖਿਆਵਾਂ 3 ਵਿਆਪਕ ਵਿਸ਼ਿਆਂ 'ਤੇ ਕੇਂਦ੍ਰਿਤ ਹਨ- ਅਰਾਮ (ਨੇਕੀ/ਧਰਮ), ਪੋਰੁਲ (ਧਨ ਅਤੇ ਸ਼ਾਸਨ) ਅਤੇ ਇਨਬਮ (ਪਿਆਰ)।
ਇਸ ਤੋਂ ਇਲਾਵਾ ਦੋਵਾਂ ਆਗੂਆਂ ਨੇ ਸਾਲ 2030 ਤੱਕ ਦੋਵਾਂ ਦੇਸ਼ਾਂ ਦੇ ਵਪਾਰ ਨੂੰ 100 ਅਰਬ ਡਾਲਰ ਤੱਕ ਪਹੁੰਚਾਉਣ ਦੇ ਟੀਚੇ 'ਤੇ ਚਰਚਾ ਕੀਤੀ। ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਲਗਭਗ 60 ਅਰਬ ਡਾਲਰ ਦਾ ਵਪਾਰ ਹੁੰਦਾ ਹੈ, ਜਿਸ ਨੂੰ 100 ਅਰਬ ਤੱਕ ਲੈ ਜਾਣ ਲਈ ਅਗਲੇ 4 ਸਾਲਾਂ 'ਚ ਲਗਭਗ 40 ਅਰਬ ਡਾਲਰ ਹੋਰ ਜੋੜਨੇ ਪੈਣਗੇ। ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਭਾਰਤ 'ਚ ਆਯੋਜਿਤ ਅੰਤਰਰਾਸ਼ਟਰੀ ਉਦਯੋਗਿਕ ਪ੍ਰਦਰਸ਼ਨੀ 'INNOPROM 2026' ਦੀ ਸਫ਼ਲਤਾ ਦੀ ਵੀ ਸਮੀਖਿਆ ਕੀਤੀ। ਇਸ ਪ੍ਰਦਰਸ਼ਨੀ ਨਾਲ ਰੇਲਵੇ ਸੈਕਟਰ, ਸੁਰੰਗ ਨਿਰਮਾਣ, ਸਟੀਲ ਵੈਲਿਊ ਚੇਨ ਅਤੇ ਰੂਸੀ ਮਾਰਕੀਟ ਤੱਕ ਭਾਰਤੀ ਉਦਯੋਗਾਂ ਦੀ ਪਹੁੰਚ ਵਧਾਉਣ 'ਚ ਮਦਦ ਮਿਲੇਗੀ।
ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਇਨ੍ਹਾਂ ਤੋਂ ਇਲਾਵਾ ਕਈ ਹੋਰ ਅਹਿਮ ਖੇਤਰਾਂ 'ਤੇ ਵੀ ਸਹਿਮਤੀ ਬਣੀ। ਦੋਵਾਂ ਦੇਸ਼ਾਂ ਵਿਚਾਲੇ ਸਿਵਲ ਨਿਊਕਲੀਅਰ ਪ੍ਰੋਗਰਾਮ ਤਹਿਤ ਫਿਊਲ ਸਾਈਕਲ ਅਤੇ ਲਾਈਫ਼ ਸਾਈਕਲ ਸਪੋਰਟ ਨੂੰ ਮਜ਼ਬੂਤ ਕਰਨਾ, ਭਾਰਤ ਤੋਂ ਹੁਨਰਮੰਦ ਕਾਮਿਆਂ ਨੂੰ ਰੂਸ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਅਤੇ ਰਣਨੀਤਕ 'ਜੁਆਇੰਟ ਵੈਂਚਰ' ਪ੍ਰੋਜੈਕਟਾਂ ਰਾਹੀਂ ਖਾਦਾਂ ਦੀ ਸਪਲਾਈ ਬਰਕਰਾਰ ਰੱਖਣ ਵਰਗੇ ਮੁੱਦਿਆਂ 'ਤੇ ਵੀ ਗੱਲਬਾਤ ਹੋਈ ਹੈ।
ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਸ਼ੁੱਕਰਵਾਰ ਦੇਰ ਸ਼ਾਮ 'ਬ੍ਰਿਕਸ ਬਿਜ਼ਨਸ ਫੋਰਮ' 'ਚ ਵੀ ਹਿੱਸਾ ਲੈਣਗੇ, ਜਿੱਥੇ ਉਹ ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਆਰਥਿਕਤਾ ਅਤੇ ਟ੍ਰਾਂਸਪੋਰਟ ਸਹਿਯੋਗ ਲਈ ਕਈ ਨਵੀਆਂ ਪਹਿਲਕਦਮੀਆਂ ਪੇਸ਼ ਕਰਨਗੇ।