ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ। ਸੁਖਬੀਰ ਬਾਦਲ ਦੀ ਜਗ੍ਹਾ ਉਨ੍ਹਾਂ ਦੇ ਵਕੀਲ ਅਰਸ਼ਦੀਪ ਕਲੇਰ ਅਤੇ ਅਕਾਲੀ ਆਗੂ ਬੰਟੀ ਰੋਮਾਣਾ ਐੱਸ. ਆਈ. ਟੀ. ਕੋਲ ਆਏ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਕਾਰਣਾਂ ਕਰਕੇ ਸੁਖਬੀਰ ਬਾਦਲ ਪੇਸ਼ ਨਹੀਂ ਹੋਏ ਹਨ। ਦੂਜੇ ਪਾਸੇ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਇਸ ਲਈ ਪੇਸ਼ ਨਹੀਂ ਹੋਏ ਕਿਉਂਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਸੁਨੇਹਾ ਆਇਆ ਸੀ, ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਰਿਹਾ ਹੈ। ਭਾਜਪਾ ਨੇ ਹੀ ਸੁਖਬੀਰ ਨੂੰ ਪੇਸ਼ ਨਾ ਹੋਣ ਲਈ ਆਖਿਆ ਹੈ।
ਉਧਰ ਅਕਾਲੀ ਆਗੂ ਅਤੇ ਸੀਨੀਅਰ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਕਰਕੇ ਜਾਣ ਬੁੱਝ ਕੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸ. ਆਈ. ਟੀ. ਪੁੱਛੇ ਜਾਣ ਵਾਲੇ ਸਵਾਲਾਂ ਨੂੰ ਪਹਿਲਾਂ ਲਿਖ ਕੇ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ 30 ਸਤੰਬਰ ਤੱਕ ਰੈਲੀਆਂ ਦੇ ਚੱਲਦੇ ਸੁਖਬੀਰ ਬਾਦਲ ਰੁੱਝੇ ਹੋਏ ਹਨ। ਲਿਹਾਜ਼ਾ ਉਨ੍ਹਾਂ ਨੂੰ 30 ਸਤੰਬਰ ਤੋਂ ਬਾਅਦ ਦਾ ਸਮਾਂ ਦਿੱਤਾ ਜਾਵੇ।