ਮੋਹਾਲੀ : ਹਨੀ ਟਰੈਪ ਮਾਮਲੇ ’ਚ ਸਿਟੀ ਕੁਰਾਲੀ ਪੁਲਸ ਵੱਲੋਂ ਨਾਮਜ਼ਦ ਹਰਪ੍ਰੀਤ ਕੌਰ ਉਰਫ਼ ਜੋਤੀ ਦੀ ਜ਼ਮਾਨਤ ਅਰਜ਼ੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ ਗੰਭੀਰ ਹਨ ਤੇ ਇਸ ਪੜਾਅ ’ਤੇ ਉਸਨੂੰ ਜ਼ਮਾਨਤ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਐੱਫ. ਆਈ. ਆਰ. ਅਨੁਸਾਰ ਸ਼ਿਕਾਇਤਕਰਤਾ ਇੰਦਰਪ੍ਰੀਤ ਸਿੰਘ ਦੀ ਜਾਣ-ਪਛਾਣ ਜੋਤੀ ਨੇ ਜ਼ੀਰਕਪੁਰ ਵਾਸੀ ਸੋਨੀਆ ਨਾਲ ਕਰਵਾਈ ਸੀ। 2 ਮਈ ਨੂੰ ਜੋਤੀ ਉਸ ਨੂੰ ਢਕੌਲੀ ਸਥਿਤ ਇਕ ਫਲੈਟ ’ਚ ਲੈ ਗਈ, ਜਿੱਥੇ ਉਸ ਨੂੰ ਸ਼ਰਾਬ ਪਿਲਾਈ ਗਈ। ਇਸ ਤੋਂ ਬਾਅਦ ਜੋਤੀ ਦੂਜੇ ਕਮਰੇ ’ਚ ਚਲੀ ਗਈ ਅਤੇ ਇੰਦਰਪ੍ਰੀਤ ਤੇ ਸੋਨੀਆ ਦੂਜੇ ਕਮਰੇ ’ਚ ਚਲੇ ਗਏ। ਐੱਫ. ਆਈ. ਆਰ. ਮੁਤਾਬਕ ਦੋਵੇਂ ਸਰੀਰਕ ਸਬੰਧ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਕੱਪੜੇ ਉਤਾਰ ਦਿੱਤੇ ਸਨ। ਇਸੇ ਦੌਰਾਨ ਦੋ ਵਿਅਕਤੀ ਅਚਾਨਕ ਫਲੈਟ ’ਚ ਦਾਖ਼ਲ ਹੋਏ।
ਉਨ੍ਹਾਂ ’ਚੋਂ ਇਕ ਵਿਅਕਤੀ ਨੇ ਖ਼ੁਦ ਨੂੰ ਸੋਨੀਆ ਦਾ ਪਤੀ ਦੱਸਦਿਆਂ ਇੰਦਰਪ੍ਰੀਤ ਦੀ ਕੁੱਟਮਾਰ ਕੀਤੀ। ਉਸ ਦਾ ਮੋਬਾਇਲ ਅਤੇ 12 ਹਜ਼ਾਰ ਰੁਪਏ ਖੋਹ ਲਏ ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਬਣਾਈਆਂ। ਸ਼ਿਕਾਇਤ ਅਨੁਸਾਰ ਜੋਤੀ ਨੇ ਇੰਦਰਪ੍ਰੀਤ ਨੂੰ ਦੱਸਿਆ ਕਿ ਉਸ ਨੇ ਉਨ੍ਹਾਂ ਵਿਅਕਤੀਆਂ ਨੂੰ 3 ਲੱਖ ਰੁਪਏ ਦਿੱਤੇ ਹਨ ਅਤੇ ਉਹ ਸ਼ਿਕਾਇਤ ’ਚ ਉਸ ਦਾ ਨਾਮ ਨਹੀਂ ਲਿਖਣਗੇ। ਉਸ ਨੂੰ ਕਿਹਾ ਗਿਆ ਕਿ ਜੇਕਰ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤਾਂ 7 ਲੱਖ ਰੁਪਏ ਹੋਰ ਦੇਣੇ ਪੈਣਗੇ। ਬਾਅਦ ’ਚ ਇਕ ਵਿਅਕਤੀ ਨੇ ਖ਼ੁਦ ਨੂੰ ਪੁਲਸ ਅਧਿਕਾਰੀ ਦੱਸਿਆ ਅਤੇ ਹੋਰ ਸਾਥੀਆਂ ਸਮੇਤ ਇੰਦਰਪ੍ਰੀਤ ਤੋਂ ਕੁੱਲ 10 ਲੱਖ ਰੁਪਏ ਦੀ ਫਿਰੌਤੀ ਮੰਗੀ।
ਉਸ ਨੂੰ ਧਮਕੀ ਦਿੱਤੀ ਗਈ ਕਿ ਪੈਸੇ ਨਾ ਦੇਣ ’ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓ ਜਨਤਕ ਕਰ ਦਿੱਤੀਆਂ ਜਾਣਗੀਆਂ। ਧਮਕੀਆਂ ਤੋਂ ਪਰੇਸ਼ਾਨ ਹੋ ਕੇ ਉਸ ਨੇ 6 ਮਈ ਨੂੰ ਕੁਰਾਲੀ ’ਚ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਬਚ ਗਈ। ਜਾਂਚ ਦੌਰਾਨ ਪੁਲਸ ਨੇ ਧਾਰਾ 317(2), 108, 62, 351(2) ਅਤੇ ਆਈ.ਟੀ. ਐਕਟ ਦੀ ਧਾਰਾ 67 ਵੀ ਜੋੜੀ। ਅਦਾਲਤ ਨੇ ਕਿਹਾ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਗਈ ਤਾਂ ਗਵਾਹਾਂ ਨੂੰ ਪ੍ਰਭਾਵਿਤ ਜਾਂ ਧਮਕਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਹਰਪ੍ਰੀਤ ਕੌਰ ਉਰਫ਼ ਜੋਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ।