ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਹਤ ਵਿਭਾਗ ਆਯੂਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਅਧੀਨ ਇਕ ਡਿਜੀਟਲੀ ਇੰਟੀਗ੍ਰੇਟਿਡ ਈਕੋ-ਸਿਸਟਮ ਰਾਹੀਂ ਹੈਲਥਕੇਅਰ ਡਲਿਵਰੀ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਹਰ ਨਾਗਰਿਕ ਦਾ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ਆਭਾ ਆਈ.ਡੀ.) ਕਿਰੀਏਟ ਕਰਨਾ ਹੈ।
ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਅੱਜ ਇੱਥੇ ਸਿਹਤ ਅਧਿਕਾਰੀਆਂ ਨਾਲ ਆਯੋਜਿਤ ਇਕ ਮੀਟਿੰਗ ਦੌਰਾਨ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ਆਭਾ ਆਈ.ਡੀ.) ਦੀ ਮਹੱਤਤਾ, ਇਸ ਬਾਰੇ ਲੋਕਾਂ ਤੱਕ ਜਾਗਰੂਕਤਾ ਫੈਲਾਉਣ ਅਤੇ ਆਈ.ਡੀ. ਬਣਵਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਨ੍ਹਾਂ ਦੀਆਂ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਦੇ ਆਭਾ ਅਕਾਊਂਟ ਬਣਵਾਉਣੇ ਯਕੀਨੀ ਬਣਾਏ ਜਾਣ ਤੇ ਇਹ ਗਤੀਵਿਧੀ ਕਰਨ ਲਈ ਹਰ ਸੰਸਥਾ ਵਿੱਚ ਇੱਕ-ਇਕ ਸਮਰਪਿਤ ਸਟਾਫ਼ ਮੈਂਬਰ ਵੀ ਨਿਯੁਕਤ ਕੀਤਾ ਜਾਏ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਬਣਾਈ ਜਾ ਰਹੀ ਆਭਾ ਆਈ.ਡੀ. ਹਰ ਨਾਗਰਿਕ ਲਈ ਡਿਜੀਟਲ ਸਿਹਤ ਪਛਾਣ ਹੈ, ਜੋ ਮੈਡੀਕਲ ਰਿਕਾਰਡ ਨੂੰ ਸੁਰੱਖਿਅਤ ਅਤੇ ਸੰਗਠਿਤ ਰੂਪ ਵਿੱਚ ਇਕੱਠਾ ਕਰਦੀ ਹੈ। ਇਹ ਆਈ.ਡੀ. ਵਿਅਕਤੀ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਨੂੰ ਆਸਾਨੀ ਨਾਲ ਕਿਤੇ ਵੀ ਅਤੇ ਕਿਸੇ ਵੀ ਸਮੇਂ ਐਕਸੈੱਸ ਕਰਨ ਯੋਗ ਬਣਾਉਂਦੀ ਹੈ। ਆਭਾ - ਹੈਲਥ ਅਕਾਊਂਟ ਰਾਹੀਂ ਆਪਣੇ ਸਿਹਤ ਰਿਕਾਰਡ ਨੂੰ ਡਿਜ਼ੀਟਲੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਆਭਾ ਆਈ.ਡੀ ਭਵਿੱਖ ਦੇ ਸਿਹਤ ਸੰਭਾਲ ਸਿਸਟਮ ਦਾ ਮੂਲ ਆਧਾਰ ਹੈ। ਜਿਵੇਂ ਹਰ ਵਿਅਕਤੀ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਬਣ ਗਿਆ ਹੈ, ਉਸੇ ਤਰ੍ਹਾਂ ਆਭਾ ਆਈ.ਡੀ. ਵੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੋਵੇਗੀ। ਇਹ ਆਈ.ਡੀ. ਸਿਰਫ਼ ਮੈਡੀਕਲ ਰਿਕਾਰਡ ਨੂੰ ਡਿਜੀਟਲ ਰੂਪ ਵਿੱਚ ਜੋੜਦੀ ਨਹੀਂ, ਸਗੋਂ ਇਲਾਜ ਨੂੰ ਤੇਜ਼, ਸੁਚੱਜਾ ਅਤੇ ਪ੍ਰਭਾਵਸ਼ਾਲੀ ਵੀ ਬਣਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਆਮ ਨਾਗਰਿਕਾਂ ਨੂੰ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਦੇ ਤਹਿਤ ਰਜਿਸਟਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਸਿਹਤ ਰਿਕਾਰਡ ਨੂੰ ਡਿਜੀਟਲ ਰੂਪ ਵਿੱਚ ਸੁਰੱਖਿਅਤ ਰੱਖਿਆ ਜਾ ਸਕੇ। ਆਭਾ ਹੈਲਥ ਆਈਡੀ ਕਾਰਡ ਇੱਕ 14 ਅੰਕਾਂ ਦਾ ਵਿਲੱਖਣ ਨੰਬਰ ਹੈ, ਜਿਸ ਨਾਲ ਤੁਸੀਂ ਆਪਣੇ ਸਿਹਤ ਰਿਕਾਰਡਾਂ ਨੂੰ ਡਿਜੀਟਲ ਰੂਪ ਵਿੱਚ ਲਿੰਕ ਕਰ ਸਕਦੇ ਹੋ। ਇਸ ਦੇ ਨਾਲ, ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਤੁਹਾਨੂੰ ਰਿਪੋਰਟ ਆਪਣੇ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਉਨ੍ਹਾਂ ਦੱਸਿਆ ਕਿ ਆਭਾ ਕਾਰਡ ਬਣਾਉਣ ਲਈ ਡਿਜੀਟਲ ਸਿਹਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ, ਭਾਰਤ ਸਰਕਾਰ ਨੇ ਹੁਣ ਆਯੂਸ਼ਮਾਨ ਭਾਰਤ ਸਿਹਤ ਖਾਤਾ ਯਾਨੀ ਆਭਾ ਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦਾ ਕੋਈ ਵੀ ਨਾਗਰਿਕ ਆਭਾ ਕਾਰਡ ਬਣਵਾ ਸਕਦਾ ਹੈ। ਜੇਕਰ ਤੁਹਾਨੂੰ ਅਜੇ ਤੱਕ ਆਪਣਾ ਆਭਾ ਕਾਰਡ ਨਹੀਂ ਮਿਲਿਆ ਹੈ ਤਾਂ ਤੁਸੀਂ ਘਰ ਬੈਠੇ ਇਸ ਲਈ ਅਪਲਾਈ ਕਰ ਸਕਦੇ ਹੋ। ਆਭਾ ਕਾਰਡ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਭਾ ਕਾਰਡ ਦੀ ਅਧਿਕਾਰਤ ਵੈੱਬਸਾਈਟ
https://abha.abdm.gov.in/abha/v3/ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ 'ਕਰੇਟ ਔਰਾ ਨੰਬਰ' 'ਤੇ ਕਲਿੱਕ ਕਰਨਾ ਹੋਵੇਗਾ। ਫਿਰ ਤੁਹਾਨੂੰ ਆਪਣੇ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦਾ ਵਿਕਲਪ ਚੁਣਨਾ ਹੋਵੇਗਾ। ਤੁਸੀਂ ਜੋ ਵੀ ਚੁਣਦੇ ਹੋ, ਆਧਾਰ ਕਾਰਡ ਜਾਂ ਡਰਾਈਵਿੰਗ ਲਾਈਸੈੰਸ, ਤੁਹਾਨੂੰ ਉਸਦਾ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਹੇਠਾਂ ਦਿਖਾਏ ਗਏ 'ਮੈਂ ਸਹਿਮਤ ਹਾਂ' ਦੇ ਬਾਕਸ 'ਤੇ ਟਿਕ ਕਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਡੇ ਆਧਾਰ ਕਾਰਡ ਨਾਲ ਜੁੜੇ ਮੋਬਾਈਲ ਨੰਬਰ 'ਤੇ ਓ ਟੀ ਪੀ ਆਵੇਗਾ, ਇਸ ਨੂੰ ਜਮ੍ਹਾਂ ਕਰਨ ਤੋਂ ਬਾਅਦ, ਤੁਹਾਡਾ ਆਧਾਰ ਕਾਰਡ ਬਣ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਹਰੀਸ਼ ਕਿਰਪਾਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਵਧ-ਚੜ੍ਹ ਕੇ ਆਪੋ-ਆਪਣੀ ਆਭਾ ਆਈ.ਡੀ ਤਿਆਰ ਕਰਨ ਅਤੇ ਹੋਰਾਂ ਨੂੰ ਵੀ ਇਸ ਬਾਰੇ ਉਤਸ਼ਾਹਿਤ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਆਭਾ ਆਈ.ਡੀ. ਬਣਾਉਣਾ ਬਿਲਕੁੱਲ ਮੁਫ਼ਤ ਹੈ ਅਤੇ ਇਸ ਲਈ ਤੁਹਾਨੂੰ ਸਿਰਫ਼ ਆਪਣਾ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਅਤੇ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ। ਤੁਸੀਂ
https://Abha.abdm.gov.in 'ਤੇ ਜਾ ਕੇ ਜਾਂ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣੀ ਆਈ.ਡੀ. ਤਿਆਰ ਕਰਵਾ ਸਕਦੇ ਹੋ। ਆਓ, ਅਸੀਂ ਸਾਰੇ ਮਿਲ ਕੇ ਆਪਣੀ ਆਭਾ ਆਈ.ਡੀ ਬਣਾਈਏ ਅਤੇ ਡਿਜੀਟਲ ਭਵਿੱਖ ਵੱਲ ਇੱਕ ਪੱਕਾ ਕਦਮ ਚੁੱਕੀਏ।