ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਕਿਸਾਨਾਂ ਦੀ ਸਹੂਲਤ ਲਈ ਚੁੱਕੇ ਜਾਂਦੇ ਕਦਮਾਂ ਤਹਿਤ ਸਥਾਨਕ ਚੰਡੀਗੜ੍ਹ ਰੋਡ ‘ਤੇ ਸਥਿਤ ਪਲਾਈਵੁੱਡ ਫੈਕਟਰੀ ਵਿਖੇ ਛਾਪੇਮਾਰੀ ਕੀਤੀ ਗਈ ਜਿੱਥੋਂ ਖੇਤੀਬਾੜੀ ਗਰੇਡ ਨੀਮ ਕੋਟਡ ਯੂਰੀਆ ਬਰਾਮਦ ਕੀਤਾ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਮੁੱਖ ਖੇਤੀਬਾੜੀ ਅਫਸਰ ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਭਾਗ ਦੇ ਪ੍ਰਬੰਧਕੀ ਸਕੱਤਰ ਬਸੰਤ ਗਰਗ ਅਤੇ ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ ਦੇ ਨਿਰਦੇਸ਼ਾਂ ਤੇ ਜਿਲ੍ਹੇ ਵਿੱਚ ਵੱਖ-ਵੱਖ ਸਮੇਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਚੰਡੀਗੜ੍ਹ ਰੋਡ ਟੰਡੋਹ ਵਿਖੇ ਗਾਂਧੀ ਪਲਾਈਵੁੱਡ ਇੰਡਸਟਰੀ ਵਿਖੇ ਛਾਪੇਮਾਰੀ ਦੌਰਾਨ 4 ਬੈਗ ਖੇਤੀਬਾੜੀ ਗਰੇਡ ਨੀਮ ਕੋਟਡ ਯੂਰੀਆ ਦੇ ਪਾਏ ਗਏ । ਉਨ੍ਹਾਂ ਦੱਸਿਆ ਕਿ ਪਲਾਈਵੁੱਡ ਫੈਕਟਰੀ ਵਿੱਚ ਵਰਤੀ ਜਾ ਰਹੀ ਖੇਤੀਬਾੜੀ ਗਰੇਡ ਨੀਮ ਕੋਟਡ ਯੂਰੀਆ ਫਰਟੀਲਾਈਜਰ ਕੰਟਰੋਲ ਆਰਡਰ 1985 ਦੀ ਉਲੰਘਣਾ ਹੈ । ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ 4 ਬੈਗ ਭਰੇ ਅਤੇ 230 ਬੈਗ ਵਰਤੇ ਹੋਏ ਖਾਲੀ ਪਾਏ ਗਏ ਜਿਸ ‘ਤੇ ਥਾਣਾ ਕਾਠਗੜ ਦੀ ਪੁਲਿਸ ਨੂੰ ਸੂਚਿਤ ਕਰਕੇ ਮੌਕੇ ‘ਤੇ ਪੁਲਿਸ ਪਾਰਟੀ ਬੁਲਾਈ ਗਈ ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਮੌਕੇ ਤੇ ਹੀ ਕਾਰਵਾਈ ਕਰਦਿਆਂ ਖੇਤੀਬਾੜੀ ਵਿਕਾਸ ਅਫਸਰ-ਕਮ-ਖਾਦ ਇੰਸਪੈਕਟਰ ਹਰਪ੍ਰੀਤ ਸਿੰਘ ਵੱਲੋਂ ਫੈਕਟਰੀ ਤੇ ਫਰਟੀਲਾਈਜਰ ਆਰਡਰ 1985 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਗਰੇਡ ਲਈ ਵਰਤੀ ਜਾਂਦੀ ਨੀਮ ਕੋਟਡ ਯੂਰੀਆ ਜੇਕਰ ਉਦਯੋਗਿਕ ਵਰਤੋਂ ਲਈ ਵਰਤੀ ਜਾਂਦੀ ਹੈ ਤਾਂ ਇਹ ਕੰਟਰੋਲ ਆਰਡਰ ਦੀ ਉਲੰਘਣਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਜਿਲ੍ਹੇ ਵਿੱਚ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਵਿਜੇ ਮਹੇਸ਼ੀ, ਜਸਵਿੰਦਰ ਕੁਮਾਰ, ਏ.ਈ.ਓ., ਰਾਜ ਕੁਮਾਰ ਆਦਿ ਮੌਜੂਦ ਸਨ ।