ਚੰਡੀਗੜ੍ਹ : ਰਵਨੀਤ ਬਿੱਟੂ ਨੇ ਕਾਂਗਰਸ ਦੀ ਰੈਲੀ ਅਤੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਸਖ਼ਤ ਟਿੱਪਣੀ ਕਰਦਿਆਂ ਇਸ ਨੂੰ ਕਾਂਗਰਸੀ ਲੀਡਰਾਂ ਦੀ ਜਨਤਕ ਬੇਇੱਜ਼ਤੀ ਕਰਾਰ ਦਿੱਤਾ ਹੈ। ਬਿੱਟੂ ਅਨੁਸਾਰ ਕਾਂਗਰਸ ਨੇ ਇਹ ਰੈਲੀ ਮਨਰੇਗਾ ਸਕੀਮ ਦੇ ਸਬੰਧ ਵਿਚ ਕੀਤੀ ਸੀ ਪਰ ਉੱਥੇ ਕਾਂਗਰਸੀ ਵਰਕਰਾਂ ਤੋਂ ਇਲਾਵਾ ਕੋਈ ਵੀ ਅਸਲ ਮਨਰੇਗਾ ਲਾਭਪਾਤਰੀ ਨਹੀਂ ਪਹੁੰਚਿਆ। ਬਿੱਟੂ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਮਨਰੇਗਾ ਦੇ ਦਿਨ 100 ਤੋਂ ਵਧਾ ਕੇ 125 ਕਰ ਦਿੱਤੇ ਹਨ ਅਤੇ ਦਿਹਾੜੀ ਵਿਚ ਵੀ ਵਾਧਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਮਨਰੇਗਾ ਵਰਕਰਾਂ ਨੂੰ ਗੁਮਰਾਹ ਕਰਨ ਆਏ ਸਨ ਪਰ ਲੋਕਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਕਾਂਗਰਸੀ ਲੀਡਰਾਂ ਦੀ 'ਬੇਇੱਜ਼ਤੀ' ਦਾ ਦਾਅਵਾ
ਰਵਨੀਤ ਬਿੱਟੂ ਨੇ ਰਾਹੁਲ ਗਾਂਧੀ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਟੇਜ ਤੋਂ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਧਮਕਾਇਆ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ। ਬਿੱਟੂ ਮੁਤਾਬਕ ਰਾਹੁਲ ਨੇ ਲੀਡਰਾਂ ਨੂੰ ਕਿਹਾ ਕਿ "ਨਾ ਤੁਸੀਂ ਖੇਡਣ ਜੋਗੇ ਹੋ, ਨਾ ਤੁਸੀਂ ਪਲੇਅਰਾਂ ਵਿਚ ਹੋ ਅਤੇ ਨਾ ਹੀ ਸਪੇਅਰਾਂ ਵਿਚ"। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਲੀਡਰਾਂ ਨੂੰ ਸੁਧਰਨ (ਬੰਦੇ ਬਣਨ) ਦੀ ਤਾਕੀਦ ਕੀਤੀ ਅਤੇ ਪਾਰਟੀ ਵਿਚੋਂ ਕੱਢਣ ਤੱਕ ਦੀ ਧਮਕੀ ਦਿੱਤੀ। ਬਿੱਟੂ ਨੇ ਕਿਹਾ ਕਿ ਅੱਜ ਕਾਂਗਰਸ ਕਈ ਧੜਿਆਂ ਵਿਚ ਵੰਡੀ ਹੋਈ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੀ ਨਬਜ਼ ਨਹੀਂ, ਸਗੋਂ ਕਾਂਗਰਸ ਦੀ ਅੰਦਰੂਨੀ ਹਾਲਤ ਅਤੇ ਲੀਡਰਾਂ ਦੇ ਕੰਮਾਂ ਦੀ 'ਨਬਜ਼' ਸਮਝ ਗਏ ਹਨ। ਉਨ੍ਹਾਂ ਮੁਤਾਬਕ, ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੋਂ ਕਾਫੀ ਦੁਖੀ ਨਜ਼ਰ ਆਏ।