ਮੁੰਬਈ : 'ਫੈਮਿਨਾ ਮਿਸ ਇੰਡੀਆ ਵਰਲਡ 2016' ਦੀ ਜੇਤੂ ਪ੍ਰਿਯਦਰਸ਼ਨੀ ਚੈਟਰਜੀ ਨੇ ਆਪਣੇ ਲੰਮੇ ਸਮੇਂ ਦੇ ਮੰਗੇਤਰ ਕ੍ਰੈਗ ਕਾਰਲਸਨ ਨਾਲ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ ਹੈ। ਜੋੜੇ ਨੇ ਮੁੰਬਈ ਵਿਖੇ ਇੱਕ ਨਿੱਜੀ ਸਮਾਗਮ ਦੌਰਾਨ ਇੱਕ-ਦੂਜੇ ਨੂੰ ਆਪਣਾ ਹਮਸਫ਼ਰ ਬਣਾਇਆ। ਲੈਵਿਸ਼ ਡੈਸਟੀਨੇਸ਼ਨ ਵੈਡਿੰਗ ਦੀ ਬਜਾਏ ਜੋੜੇ ਨੇ ਬਹੁਤ ਹੀ ਸਾਧਾਰਨ ਅੰਦਾਜ਼ ਵਿੱਚ ਵਿਆਹ ਕਰਨ ਨੂੰ ਤਰਜੀਹ ਦਿੱਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਸ ਖ਼ਾਸ ਮੌਕੇ 'ਤੇ ਲਾੜਾ-ਲਾੜੀ ਨੇ ਨੀਲੇ ਰੰਗ ਦੀ ਮੈਚਿੰਗ ਡ੍ਰੈੱਸ ਪਾਈ ਹੋਈ ਸੀ। ਪ੍ਰਿਯਦਰਸ਼ਨੀ ਨੇ ਨੀਲੇ ਰੰਗ ਦੀ ਸਾੜ੍ਹੀ ਨਾਲ ਮਿਨੀਮਲ ਮੇਕਅੱਪ, ਮੰਗ ਟੀਕਾ ਅਤੇ ਨੇਕਪੀਸ ਪਾਇਆ ਹੋਇਆ ਸੀ, ਜਦਕਿ ਕ੍ਰੈਗ ਨੇ ਨੀਲੇ ਰੰਗ ਦਾ ਕੁੜਤਾ-ਪਜਾਮਾ ਪਾਇਆ ਸੀ। ਸਮਾਗਮ ਦੌਰਾਨ ਦੋਹਾਂ ਨੇ ਇੱਕ-ਦੂਜੇ ਨੂੰ ਵਰਮਾਲਾ ਪਹਿਨਾਈ, ਵਿਆਹ ਦੀਆਂ ਕਸਮਾਂ ਖਾਧੀਆਂ ਅਤੇ ਵੈਡਿੰਗ ਕੇਕ ਕੱਟ ਕੇ ਖ਼ੁਸ਼ੀ ਮਨਾਈ।
ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ ਮਹੀਨੇ ਵਿੱਚ ਕ੍ਰੈਗ ਨੇ ਪ੍ਰਿਯਦਰਸ਼ਨੀ ਨੂੰ ਪ੍ਰਪੋਜ਼ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਨੇ ਮੰਗਣੀ ਕੀਤੀ ਸੀ। ਕਾਫ਼ੀ ਸਮਾਂ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਹੁਣ ਦੋਹਾਂ ਨੇ ਵਿਆਹ ਕਰਵਾ ਲਿਆ ਹੈ। ਪੇਸ਼ੇ ਤੋਂ ਅਦਾਕਾਰਾ ਅਤੇ ਮਾਡਲ ਪ੍ਰਿਯਦਰਸ਼ਨੀ ਸਪੋਰਟਸ ਪ੍ਰੈਜ਼ੈਂਟਰ ਵੀ ਰਹਿ ਚੁੱਕੀ ਹੈ। ਪ੍ਰਿਯਦਰਸ਼ਨੀ ਦੀ ਸਾਦਗੀ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਪ੍ਰਭਾਵਿਤ ਹੋ ਰਹੇ ਹਨ ਅਤੇ ਨਵ-ਵਿਆਹੇ ਜੋੜੇ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਵਧਾਈਆਂ ਦੇ ਰਹੇ ਹਨ।