ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ 16ਵੇਂ ਸੈਸ਼ਨ ਦੇ 13ਵੇਂ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਕਾਫੀ ਹੰਗਾਮਾ ਭਰਪੂਰ ਰਹੀ। ਕਾਂਗਰਸ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਵਿਰੋਧੀ ਧਿਰ ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਇਸ ਦੌਰਾਨ ਵਿਧਾਨ ਸਭਾ 'ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਵਿਸ਼ੇਸ਼ ਮਤੇ ਪਾਏ ਗਏ । ਜਿਸ ਤੋਂ ਬਾਅਦ ਸਪੀਕਰ ਵੱਲੋਂ ਅੱਜ ਦੀ ਕਾਰਵਾਈ ਨੂੰ ਮੰਗਲਵਾਰ 27 ਅਕਤੂਬਰ 2026 ਤੱਕ ਮੁਲਤਵੀ ਕਰ ਦਿੱਤਾ ਗਿਆ। 27 ਅਕਤੂਬਰ ਨੂੰ ਇਸ ਸੈਸ਼ਨ 'ਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਕਾਨੂੰਨ ਵਿਵਸਥਾ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਹੰਗਾਮਾ ਹੋਣ ਦੀ ਉਮੀਦ ਹੈ।
ਇਹ ਮੁੱਦਿਆਂ 'ਤੇ ਹੋਈ ਚਰਚਾ-
ਵਿਧਾਨ ਸਭਾ 'ਚ DAP ਖਾਦ ਦੇ ਮੁੱਦੇ 'ਤੇ ਹੰਗਾਮਾ
ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਕਿਸਾਨਾਂ ਅਤੇ ਡੀ. ਏ. ਪੀ. ਖਾਦ ਦੀ ਉਪਲੱਬਧਤਾ ਦਾ ਮੁੱਦਾ ਉੱਠਣ ’ਤੇ ਸਦਨ 'ਚ ਹੰਗਾਮਾ ਹੋ ਗਿਆ। ਇਸ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਕਾਂਗਰਸੀ ਮੈਂਬਰਾਂ ’ਤੇ ਭੜਕ ਗਏ। ਉਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕਿਸਾਨੀ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ। ਰਾਣਾ ਇੰਦਰ ਪ੍ਰਤਾਪ ਨੇ ਕਿਹਾ ਕਿ ਕਿਸਾਨਾਂ ਨਾਲ ਸਬੰਧਿਤ ਮੁੱਦਾ ਬੇਹੱਦ ਅਹਿਮ ਹੈ ਅਤੇ ਇਸ ’ਤੇ ਖੇਤੀਬਾੜੀ ਮੰਤਰੀ ਦਾ ਜਵਾਬ ਸੁਣਨਾ ਜ਼ਰੂਰੀ ਹੈ।
ਵਿਧਾਨ ਸਭਾ 'ਚ ਪਰਵਿੰਦਰ ਝੋਟਾ ਕਤਲ ਮਾਮਲੇ 'ਤੇ ਜ਼ੋਰਦਾਰ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ
ਵਿਰੋਧੀ ਧਿਰ ਵਲੋਂ ਪਰਵਿੰਦਰ ਝੋਟਾ ਕਤਲ ਮਾਮਲੇ ਸਣੇ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਦਨ 'ਚ ਵੱਧਦੇ ਹੰਗਾਮੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਅਤੇ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਕਿਹਾ। ਉਨ੍ਹਾਂ ਮੰਤਰੀ ਨੂੰ ਆਪਣਾ ਜਵਾਬ ਦੇਣ ਲਈ ਕਿਹਾ ਅਤੇ ਸਦਨ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਸਦਨ 'ਚ ਵਿਰੋਧ ਜਤਾਉਂਦਿਆਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਕਾਂਗਰਸ ਆਪਣਾ ਵਿਰੋਧ ਜਾਰੀ ਰੱਖੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਰੋਧੀ ਧਿਰ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚ ਮੌਜੂਦ ਹੋਣ ਦੇ ਬਾਵਜੂਦ ਲੋਕਾਂ ਦੇ ਮੁੱਦਿਆਂ ’ਤੇ ਜਵਾਬ ਦੇਣ ਲਈ ਤਿਆਰ ਨਹੀਂ ਹਨ। ਬਾਜਵਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਪੋਸਟਮਾਰਟਮ ਅਤੇ ਉਸ ਤੋਂ ਬਾਅਦ ਸਸਕਾਰ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਰੋਸ ਹੈ।
ਸੁਖਪਾਲ ਖਹਿਰਾ ਪੰਜਾਬ ਵਿਧਾਨ ਸਭਾ 'ਚੋਂ ਮੁਅੱਤਲ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੰਦੀ ਸ਼ਬਦਾਵਲੀ ਬੋਲਣ ਲਈ ਰਹਿੰਦੇ ਸੈਸ਼ਨ ਲਈ ਸਦਨ 'ਚੋਂ ਮੁਲਤਵੀ ਕਰਨ ਦੀ ਮੰਗ ਉੱਠੀ, ਜਿਸ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਰਹਿੰਦੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ। ਇਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤਾ ਪੇਸ਼ ਕੀਤਾ ਕਿ ਸੁਖਪਾਲ ਖਹਿਰਾ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਚੇਅਰ ਦੇ ਵੈੱਲ 'ਚ ਆਏ ਅਤੇ ਚੇਅਰ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਦਨ ਦੇ ਕੀਮਤੀ ਸਮੇਂ ਨੂੰ ਜਾਇਆ ਕੀਤਾ ਅਤੇ ਸਦਨ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਜਾਣ-ਬੁੱਝ ਕੇ ਸਦਨ ਦੀ ਕਾਰਵਾਈ 'ਚ ਵਿਘਨ ਪਾਇਆ, ਇਸ ਕਰਕੇ ਸੁਖਪਾਲ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੇ ਇਸ ਦੇ ਰਹਿੰਦੇ ਇਜਲਾਸ ਲਈ ਮੁਅੱਤਲ ਕਰਨ ਦੀ ਹਰਪਾਲ ਚੀਮਾ ਨੇ ਮੰਗ ਕੀਤੀ।
ਵਿਧਾਨ ਸਭਾ 'ਚ ਪਰਵਿੰਦਰ ਝੋਟੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ
ਬਾਜਵਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ 'ਚ ਪੋਸਟਮਾਰਟਮ ਅਤੇ ਉਸ ਤੋਂ ਬਾਅਦ ਸਸਕਾਰ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਲੋਕਾਂ 'ਚ ਰੋਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝੋਟਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮੁਹਿੰਮ ਚਲਾ ਰਿਹਾ ਸੀ ਅਤੇ ਉਸ ਦੀ ਮੌਤ ਦੇ ਮਾਮਲੇ 'ਚ ਇਨਸਾਫ਼ ਮਿਲਣਾ ਚਾਹੀਦਾ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਅਸਤੀਫ਼ੇ ਦੀ ਮੰਗ ਕੀਤੀ।
ਪਰਗਟ ਸਿੰਘ ਦਾ ਪੰਜਾਬ ਸਰਕਾਰ 'ਤੇ ਵੱਡਾ ਹਮਲਾ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬਸੰਤੀ ਪੱਗਾ ਬੰਨ੍ਹ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਭਗੌੜੇ, ਦਿੱਲੀ ਦੇ ਧਾੜਵੀ ਅਤੇ ਦਿੱਲੀ ਤੋਂ ਨਕਾਰੇ ਹੋਏ ਲੀਡਰਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਦਾ ਕਲਾਕਾਰ ਹੋਣ ਦੇ ਨਾਤੇ ਬਹੁਤ ਇੱਜ਼ਤ ਕਰਦੇ ਸੀ ਪਰ ਜੋ ਪੰਜਾਬ ਨਾਲ ਤੁਸੀਂ ਤੇ ਤੁਹਾਡੀ ਧਾੜਵੀ ਟੀਮ ਨੇ ਕੀਤਾ, ਉਹ ਬਹੁਤ ਮਾੜਾ ਹੈ। ਪਰਗਟ ਸਿੰਘ ਨੇ ਕਿਹਾ ਕਿ ਲੋਕ ਕਦੋਂ ਉਠਦੇ ਹਨ, ਜਦੋਂ ਸੂਬੇ ਵਿਚ ਲੋਕਤੰਤਰ ਖਤਮ ਹੋ ਜਾਂਦਾ ਹੈ, ਕੇਂਦਰ ਵਿਚ ਮੋਦੀ ਸਰਕਾਰ ਤੇ ਪੰਜਾਬ ਵਿਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਤੰਤਰ ਖਤਮ ਕਰ ਦਿੱਤਾ ਹੈ।
ਪੰਜਾਬ ਵਿਧਾਨ ਸਭਾ 'ਚ SIR ਖ਼ਿਲਾਫ਼ ਮਤਾ ਪੇਸ਼
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਐੱਸ. ਆਈ. ਆਰ. ਖ਼ਿਲਾਫ਼ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚੋਂ ਵੋਟਾਂ ਕੱਟਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ 'ਚ 40 ਹਜ਼ਾਰ ਵੋਟਾਂ ਕੱਟ ਕੇ ਭਾਰਤੀ ਜਨਤਾ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਦਾ ਰਾਹ ਪੱਧਰਾ ਕਰ ਲਿਆ ਹੈ।ਹਰਪਾਲ ਚੀਮਾ ਨੇ ਕਿਹਾ ਕਿ ਜਿਹੜੇ ਲੋਕਤੰਤਰ ਦੀ ਰਾਖੀ ਕਰਦੇ ਹਨ, ਉਨ੍ਹਾਂ ਸਾਰੇ ਲੋਕਾਂ ਨੂੰ ਭਾਜਪਾ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਸਾਨੂੰ ਸਭ ਨੂੰ ਸਰਬ ਸੰਮਤੀ ਨਾਲ ਐੱਸ. ਆਈ. ਆਰ. ਖ਼ਿਲਾਫ਼ ਮਤਾ ਪਾਸ ਕਰਨਾ ਚਾਹੀਦਾ ਹੈ।
ਵਿਧਾਨ ਸਭਾ 'ਚ CM ਮਾਨ ਨੇ ਪੇਸ਼ ਕੀਤੇ ਅੰਕੜੇ, ਕਿਹਾ ਅਸੀਂ ਪੰਜਾਬ ਨੂੰ 'ਡਾਰਕ ਜ਼ੋਨ' 'ਚੋਂ ਬਾਹਰ ਕੱਢਿਆ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਘੱਟ ਰਹੇ ਪਾਣੀ ਦੇ ਪੱਧਰ ਬਾਰੇ ਅੰਕੜੇ ਪੇਸ਼ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਹੁਣ ਡਾਰਕ ਜ਼ੋਨ ਵਿਚੋਂ ਨਿਕਲ ਚੁੱਕਾ ਹੈ ਅਤੇ ਪਾਣੀ ਦਾ ਪੱਧਰ ਥੋੜ੍ਹਾ ਵਧਿਆ ਹੈ। ਝੋਨੇ ਦੇ ਸੀਜ਼ਨ ਸਬੰਧੀ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਭਾਰਤ ਸਰਕਾਰ ਦੇ ਭੂ-ਜਲ ਦੇ ਕੁਝ ਅੰਕੜੇ ਆਏ ਹਨ, ਜੋਕਿ ਬੇਹੱਦ ਪਾਜ਼ੇਟਿਵ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਬਾਰਿਸ਼ ਘੱਟ ਹੋਣ ਕਾਰਨ ਨਹਿਰੀ ਪਾਣੀ ਪੰਜਾਬ ਦੇ ਲੋਕਾਂ ਤੱਕ ਪਹੁੰਚਿਆ ਹੈ, ਜਿਸ ਕਰਕੇ ਝਾੜ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਧਰਤੀ ਵਿਚੋਂ ਘੱਟ ਵਰਤਿਆ ਗਿਆ ਹੈ।
SIR ਖ਼ਿਲਾਫ਼ ਮਤਾ ਪੇਸ਼ ਕਰਨ ਵਾਲਾ ਪੰਜਾਬ ਪਹਿਲਾ ਸੂਬਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਐੱਸ. ਆਈ. ਆਰ. ਖ਼ਿਲਾਫ਼ ਬੋਲਦਿਆਂ ਕਿਹਾ ਕਿ ਐੱਸ. ਆਈ. ਆਰ. ਦੇ ਨਾਂ 'ਤੇ ਮਜ਼ਦੂਰਾਂ ਅਤੇ ਦਿਹਾੜੀਦਾਰ ਲੋਕਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਵੋਟਾਂ ਪਾਉਣ ਤੋਂ ਮੁਕਰਾਉਣ ਲੱਗ ਗਈ ਹੈ ਅਤੇ ਲੋਕਾਂ ਦਾ ਲੋਕਤੰਤਰ 'ਚੋਂ ਵਿਸ਼ਵਾਸ ਉੱਠ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐੱਸ. ਆਈ. ਆਰ. ਖ਼ਿਲਾਫ਼ ਮਤਾ ਲਿਆਉਣ ਵਾਲੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਸਰਕਾਰਾਂ ਚੁਣਦੇ ਸਨ ਪਰ ਹੁਣ ਸਰਕਾਰਾਂ ਵੋਟਰਾਂ ਨੂੰ ਚੁਣਨ ਲੱਗ ਗਈਆਂ ਹਨ ਅਤੇ ਕੇਂਦਰ ਸਰਕਾਰ ਨੇ ਆਪਣੇ ਹੀ ਵੋਟਰ ਬਣਾ ਲਏ ਹਨ।