ਨਵੀਂ ਦਿੱਲੀ : ਸਮਾਜਿਕ ਵਰਕਰ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ. ਆਂਗਮੋ ਨੇ ਕਿਹਾ ਕਿ ਉਨ੍ਹਾਂ ਨੇ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਕਿਸੇ ਪ੍ਰਾਈਵੇਟ ਹਸਪਤਾਲ 'ਚ ਰੈਫਰ ਕਰਨ ਦੀ ਮਨਜ਼ੂਰੀ ਦੇਣ ਦੀ ਅਪੀਲ ਕਰਦੇ ਹੋਏ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪਟੀਸ਼ਨ 'ਤੇ ਐਤਵਾਰ ਨੂੰ ਤੁਰੰਤ ਸੁਣਵਾਈ ਦੀ ਬੇਨਤੀ ਕਰੇਗੀ। ਆਂਗਮੋ ਨੇ ਕਿਹਾ ਕਿ ਉਨ੍ਹਾਂ ਦਾ "ਸਫਦਰਜੰਗ ਹਸਪਤਾਲ ਤੋਂ ਵਿਸ਼ਵਾਸ ਉੱਠ ਗਿਆ ਹੈ" ਅਤੇ ਉਹ ਵਾਂਗਚੁਕ ਨੂੰ ਉੱਥੋਂ ਕੱਢ ਕੇ ਆਪਣੀ ਪਸੰਦ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਉਣਾ ਚਾਹੁੰਦੀ ਹੈ, ਇਸ ਤੋਂ ਪਹਿਲਾਂ ਕਿ ਉਨ੍ਹਾਂ ਦੀ ਹਾਲਤ ਹੋਰ ਵਿਗੜ ਜਾਵੇ।
ਆਂਗਮੋ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਆਪਣੇ ਅਜ਼ੀਜ਼ ਦਾ ਇਲਾਜ ਕਿਸੇ ਹਸਪਤਾਲ 'ਚ ਕਰਵਾਇਆ ਜਾਵੇ, ਇਹ ਤੈਅ ਕਰਨ ਲਈ ਪ੍ਰਸ਼ਾਸਨ ਨਾਲ ਸੰਘਰਸ਼ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਫਦਰਜੰਗ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਸਿਹਤ ਬੁਲੇਟਿਨ 'ਚ ਵਾਂਗਚੁਕ ਦੇ ਅਸਲ ਪੋਟਾਸ਼ੀਅਮ ਪੱਧਰ ਨੂੰ "ਸੁਵਿਧਾਜਨਕ ਤੌਰ 'ਤੇ ਛੱਡ ਦਿੱਤਾ ਗਿਆ" ਹੈ। ਉਨ੍ਹਾਂ ਕਿਹਾ, "ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਹਸਪਤਾਲ ਉਨ੍ਹਾਂ ਨੂੰ ਛੁੱਟੀ ਦੇਣ ਜਾਂ ਸਾਡੀ ਪਸੰਦ ਦੇ ਨਿੱਜੀ ਹਸਪਤਾਲ 'ਚ ਰੈਫਰ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਅਸੀਂ ਜਿਸ ਮੰਜ਼ਿਲ 'ਤੇ ਹਾਂ, ਉੱਥੇ ਲਗਭਗ 30 ਪੁਲਸ ਕਰਮਚਾਰੀ ਤਾਇਨਾਤ ਹਨ ਅਤੇ ਪੂਰੇ ਹਸਪਤਾਲ 'ਚ 100 ਤੋਂ ਵੱਧ ਪੁਲਸ ਮੁਲਾਜ਼ਮ ਮੌਜੂਦ ਹਨ। ਸਾਡੀ ਆਵਾਜਾਈ 'ਤੇ ਸਖ਼ਤ ਪਾਬੰਦੀ ਹੈ। ਇਹ ਡਾਕਟਰੀ ਦੇਖਭਾਲ ਨਹੀਂ ਸਗੋਂ ਗੈਰ-ਕਾਨੂੰਨੀ ਹਿਰਾਸਤ ਹੈ।''
ਉਨ੍ਹਾਂ ਅੱਗੇ ਕਿਹਾ,"ਇਸ ਲਈ, ਮੈਂ ਹਾਈ ਕੋਰਟ ਦਾ ਰੁਖ ਕੀਤਾ ਹੈ ਅਤੇ ਅੱਜ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ ਹੈ ਤਾਂ ਜੋ ਸੋਨਮ ਦੀ ਹਾਲਤ ਹੋਰ ਵਿਗੜਨ ਤੋਂ ਪਹਿਲਾਂ ਉਨ੍ਹਾਂ ਨੂੰ ਰੈਫਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਕਿਸੇ ਵੀ ਪਰਿਵਾਰ ਨੂੰ ਪ੍ਰਸ਼ਾਸਨ ਨਾਲ ਇਹ ਫੈਸਲਾ ਕਰਨ ਲਈ ਸੰਘਰਸ਼ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਨ੍ਹਾਂ ਦੇ ਅਜ਼ੀਜ਼ ਦਾ ਇਲਾਜ ਕਿਸ ਹਸਪਤਾਲ 'ਚ ਕਰਨਾ ਚਾਹੀਦਾ ਹੈ।" ਵਾਂਗਚੁਕ ਨੂੰ ਉਨ੍ਹਾਂ ਦੀ ਭੁੱਖ ਹੜਤਾਲ ਦੇ 21ਵੇਂ ਦਿਨ, ਸ਼ਨੀਵਾਰ ਨੂੰ ਦਿੱਲੀ ਪੁਲਸ ਨੇ ਜ਼ਬਰਦਸਤੀ ਸਫਦਰਜੰਗ ਹਸਪਤਾਲ ਲਿਜਾਇਆ ਸੀ। ਉਨ੍ਹਾਂ ਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET) 'ਚ ਕਥਿਤ ਬੇਨਿਯਮੀਆਂ ਅਤੇ ਵਿਵਾਦ ਨਾਲ ਜੁੜੇ ਵਿਦਿਆਰਥੀਆਂ ਦੀਆਂ ਕਥਿਤ ਮੌਤਾਂ ਦੇ ਵਿਰੋਧ 'ਚ ਕਾਕਰੋਚ ਜਨਤਾ ਪਾਰਟੀ (CJP) ਦੀ ਅਗਵਾਈ 'ਚ ਚੱਲ ਰਹੇ ਅੰਦੋਲਨ ਦੇ ਸਮਰਥਨ 'ਚ 28 ਜੂਨ ਨੂੰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ।