ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੁਨਾਮ ਆਸ਼ਰਮ ਵਿੱਚ ਮਹੀਨਾਵਾਰੀ ਸਤਸੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਯ ਸਾਧਵੀ ਨੀਤੀਵੀਦਾ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਇਸ ਬ੍ਰਹਮੰਡ ਅੰਦਰ ਸਭ ਤੋਂ ਮਹਾਨ ਅਤੇ ਉੱਤਮ ਸ਼ਖਸ਼ੀਅਤ ਹੈ। ਗੁਰੂ ਦੇਸ਼ ਅਤੇ ਕਾਲ ਦੀਆਂ ਸਰਹੱਦਾਂ ਤੋਂ ਪਰੇ ਇੱਕ ਅਵਿਨਾਸ਼ੀ ਸੱਤਾ ਹੈ ਪਰ ਇਸ ਸੱਚਾਈ ਤੋਂ ਉਹੀ ਜਾਣੂ ਹੋ ਸਕਦਾ ਹੈ, ਜੋ ਉਹਨਾਂ ਅੱਗੇ ਨਿਮਰ ਸਮਰਪਣ ਕਰਦਾ ਹੈ। ਇਸ ਲਈ ਯੁਗਾਂ ਯੁਗਾਂ ਤੋਂ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਸੇਵਕ ਦੇ ਰਿਸ਼ਤੇ ਦੀ ਮਹਾਨਤਾ ਰਹੀ ਹੈ। ਸੱਚਾ ਗੁਰੂ ਉਹ ਹੈ ਜੋ ਸਮੇਂ-ਸਮੇਂ ਤੇ ਅਧਿਆਤਮਿਕ ਸ਼ਕਤੀ ਦੇ ਭੰਡਾਰ ਦੇ ਰੂਪ ਵਿੱਚ ਅਵਤਾਰ ਧਾਰਨ ਕਰਦਾ ਹੈ ਅਤੇ ਗੁਰੂ ਸੇਵਕ ਪਰੰਪਰਾ ਦੁਆਰਾ ਪੀੜੀ ਦਰ ਪੀੜੀ ਉਸ ਸ਼ਕਤੀ ਨੂੰ ਲੋਕਾਂ ਅੰਦਰ ਸੰਚਾਰਿਤ ਕਰਦਾ ਹੈ। ਮਹਾਰਿਸ਼ੀ ਅਰਵਿੰਦ ਦਾ ਕਥਨ ਹੈ ਕਿ ਗੁਰੂ ਉਹ ਮਹਾਨ ਸੱਤਾ ਹੈ ਜਿਸ ਨੇ ਸੱਚ ਨੂੰ ਸਾਡੇ ਲਈ ਆਸਾਨੀ ਨਾਲ ਉਪਲਬਧ ਕਰਵਾ ਦਿੱਤਾ ਹੈ ਅਤੇ ਜੋ ਸਾਨੂੰ ਪਰਮਾਤਮਾ ਰੂਪੀ ਪ੍ਰਕਾਸ਼ ਦਾ ਦਾਨ ਕਰਨ ਲਈ ਸਮਰੱਥ ਹੈ।
ਉਹਨਾਂ ਕਿਹਾ ਕਿ ਗੁਰੂ ਇੱਕ ਅਜਿਹਾ ਰਾਹ ਦਸੇਰਾ ਹੈ ਜੋ ਰਸਤਾ ਦਿਖਾਉਂਦਾ ਹੈ। ਰਸਤਾ ਬਣਾਉਂਦਾ ਹੈ, ਸਾਡਾ ਹੱਥ ਫੜ ਕੇ ਸਾਨੂੰ ਚਲਾ ਸਕਦਾ ਹੈ ਅਤੇ ਮੁਸ਼ਕਿਲ ਤੋਂ ਮੁਸ਼ਕਿਲ ਪੰਧ ਸਾਨੂੰ ਪਾਰ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਾਸਤਰਾਂ ਦਾ ਕਥਨ ਹੈ ਕਿ ਜੋ ਬ੍ਰਹਮ ਗਿਆਨ ਰੂਪੀ ਸੁਰਮੇ ਦੀ ਸਿਲਾਈ ਨਾਲ ਅਗਿਆਨਤਾ ਰੂਪੀ ਹਨੇਰੇ ਵਿੱਚ ਨੇਤਰਹੀਣ ਹੋਈਆਂ ਅੱਖਾਂ ਨੂੰ ਖੋਲ ਦਿੰਦਾ ਹੈ ਉਹੀ ਪੂਰਨ ਸਤਿਗੁਰੂ ਹੈ। ਸਾਧਵੀ ਜੀ ਨੇ ਕਿਹਾ ਕਿ ਅੱਜ ਦਾ ਜੋ ਸ਼ਰਧ ਪੂਰਨੀਮਾ ਦਾ ਦਿਨ ਬਹੁਤ ਵਿਸ਼ੇਸ਼ ਹੋਇਆ ਕਰਦਾ ਹੈ। ਇਸ ਦਿਨ ਚੰਦਰਮਾ ਧਰਤੀ ਦੇ ਸਭ ਤੋਂ ਨਜਦੀਕ ਹੋਇਆ ਕਰਦਾ ਹੈ। ਇਸ ਦਿਨ ਚੰਦਰਮਾ ਦੀ ਕਿਰਨਾਂ ਦਾ ਪ੍ਰਭਾਵ ਖਾਦ ਪਦਾਰਥਾਂ ਤੇ ਸਭ ਤੋਂ ਜਿਆਦਾ ਅਤੇ ਗਹਿਰਾ ਹੁੰਦਾ ਹੈ ਅਤੇ ਇਸੇ ਦਿਨ ਖੀਰ ਨੂੰ ਚੰਦਰਮਾ ਦੀ ਰੌਸ਼ਨੀ ਦੇ ਅੰਦਰ ਮਿੱਟੀ ਦੇ ਬਰਤਨ ਦੇ ਵਿੱਚ ਪਕਾਇਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਇਸ ਖੀਰ ਵਿੱਚ ਬਹੁਮੁੱਲੀ ਦਵਾਈ ਨੂੰ ਮਿਲਾ ਕੇ ਇਸ ਦਿਨ ਖਾਇਆ ਜਾਂਦਾ ਹੈ ਜਿਸ ਨਾਲ ਸਧਾਰਨ ਖੀਰ ਇਨਸਾਨ ਦੇ ਸਰੀਰ ਨੂੰ ਸਰਦੀ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਪਰ ਨਾਲ ਹੀ ਖੀਰ ਵਿੱਚ ਆਯੁਰਵੈਦਿਕ ਦਵਾਈ ਮਿਲਾ ਕੇ ਖਾਣ ਦੇ ਨਾਲ ਬਹੁਤ ਸਾਰੀਆਂ ਪੁਰਾਣੀ ਤੋਂ ਪੁਰਾਣੀ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਬ੍ਰਹਮ ਗਿਆਨੀ ਇਸ ਦਿਨ ਧਿਆਨ ਸਾਧਨਾ ਕਰਕੇ ਆਪਣੀ ਆਤਮਾ ਦਾ ਵਿਕਾਸ ਕਰ ਲੈਂਦੇ ਹਨ, ਸ਼ਰਦ ਪੂਰਨੀਮਾ ਦੀ ਰਾਤ ਸਾਨੂੰ ਇਹੀ ਪ੍ਰੇਰਨਾ ਦਿੰਦੀ ਹੈ ਕਿ ਹੇ ਸਾਧਕੋ ਇਹ ਰਾਤ ਸਧਾਰਨ ਨਹੀਂ ਹੋਇਆ ਕਰਦੀ, ਇਹ ਜਾਗਣ ਦੀ ਰਾਤ ਹੈ ਪਰ ਬਾਹਰੀ ਅੱਖਾਂ ਖੋਲ ਕੇ ਨਹੀਂ ਦਿਵਯ ਦ੍ਰਿਸ਼ਟੀ ਨੂੰ ਖੋਲ ਕੇ, ਅਜਿਹੀ ਸਮਰੱਥਾ ਇੱਕ ਪੂਰਨ ਸਤਿਗੁਰ ਦੇ ਅੰਦਰ ਹੀ ਹੋਇਆ ਕਰਦੀ ਹੈ ਜੋ ਇਨਸਾਨ ਨੂੰ ਦਿਵਯ ਦ੍ਰਿਸ਼ਟੀ ਪ੍ਰਦਾਨ ਕਰ ਦੇਵੇ। ਅੰਤ ਵਿੱਚ ਸਾਧਵੀ ਪਲਕ ਭਾਰਤੀ ਜੀ, ਸਾਧਵੀ ਕਰਮਜੀਤ ਭਾਰਤੀ ਜੀ, ਸਾਧਵੀ ਸੁਖਵੀਰ ਭਾਰਤੀ ਜੀ ਨੇ ਸੁੰਦਰ ਭਜਨਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।