ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਅਤੇ ਤਰਕਸੰਗਤ ਵਰਤੋਂ ਸਬੰਧੀ ਜ਼ਿਲ੍ਹਾ ਨਿਵਾਸੀਆਂ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ ਅਮਨ ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਂਟੀਬਾਇਓਟਿਕ ਦਵਾਈਆਂ ਸਿਰਫ਼ ਯੋਗ ਡਾਕਟਰ ਦੀ ਸਲਾਹ ਅਨੁਸਾਰ ਹੀ ਲਈਆਂ ਜਾਣ। ਡਾ. ਅਮਨ ਸੂਦ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦੀ ਬੇਲੋੜੀ ਜਾਂ ਗਲਤ ਵਰਤੋਂ ਨਾਲ ਐਂਟੀਮਾਈਕ੍ਰੋਬੀਅਲ ਰੋਧਕਤਾ ਵਧਣ ਦਾ ਖ਼ਤਰਾ ਹੁੰਦਾ ਹੈ, ਜਿਸ ਕਾਰਨ ਭਵਿੱਖ ਵਿੱਚ ਕਈ ਲਾਗਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਸਕਦਾ ਹੈ।
ਡਾ. ਅਮਨ ਸੂਦ ਨੇ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਬੈਕਟੀਰੀਆ ਕਾਰਨ ਹੋਣ ਵਾਲੀਆਂ ਕੁਝ ਲਾਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਇਹ ਜ਼ੁਕਾਮ, ਫਲੂ ਅਤੇ ਹੋਰ ਵਾਇਰਲ ਬਿਮਾਰੀਆਂ ਵਿਰੁੱਧ ਅਸਰਦਾਰ ਨਹੀਂ ਹੁੰਦੀਆਂ। ਇਸ ਲਈ ਬੁਖ਼ਾਰ, ਖੰਘ ਜਾਂ ਗਲੇ ਵਿੱਚ ਦਰਦ ਹੋਣ ’ਤੇ ਆਪਣੇ ਆਪ ਐਂਟੀਬਾਇਓਟਿਕ ਲੈਣ ਦੀ ਬਜਾਏ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰਦੇ ਸਮੇਂ ਡਾਕਟਰ ਵੱਲੋਂ ਦੱਸੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਦਵਾਈ ਦੀ ਖੁਰਾਕ ਜਾਂ ਮਿਆਦ ਆਪਣੇ ਆਪ ਨਾ ਬਦਲੀ ਜਾਵੇ ਅਤੇ ਦਵਾਈ ਕਿਸੇ ਹੋਰ ਵਿਅਕਤੀ ਨਾਲ ਸਾਂਝੀ ਨਾ ਕੀਤੀ ਜਾਵੇ। ਜੇ ਦਵਾਈ ਲੈਣ ਦੌਰਾਨ ਕੋਈ ਮਾੜਾ ਪ੍ਰਭਾਵ ਮਹਿਸੂਸ ਹੋਵੇ ਤਾਂ ਸਿਹਤ ਮਾਹਿਰ ਨਾਲ ਸੰਪਰਕ ਕੀਤਾ ਜਾਵੇ।
ਸਿਵਲ ਸਰਜਨ ਨੇ ਕਿਹਾ ਕਿ ਐਂਟੀਬਾਇਓਟਿਕ ਰੋਧਕਤਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਬੈਕਟੀਰੀਆ ਦਵਾਈਆਂ ਦੇ ਪ੍ਰਭਾਵ ਤੋਂ ਬਚਣ ਦੇ ਯੋਗ ਹੋ ਜਾਂਦੇ ਹਨ, ਜਿਸ ਨਾਲ ਲਾਗਾਂ ਦਾ ਇਲਾਜ ਔਖਾ ਹੋ ਸਕਦਾ ਹੈ। ਇਸ ਸਮੱਸਿਆ ਨੂੰ ਘਟਾਉਣ ਲਈ ਦਵਾਈਆਂ ਦੀ ਸਹੀ ਵਰਤੋਂ ਦੇ ਨਾਲ-ਨਾਲ ਹੱਥਾਂ ਦੀ ਸਫ਼ਾਈ, ਸੁਰੱਖਿਅਤ ਭੋਜਨ ਅਤੇ ਪਾਣੀ ਦੀ ਵਰਤੋਂ, ਟੀਕਾਕਰਨ ਅਤੇ ਲਾਗਾਂ ਤੋਂ ਬਚਾਅ ਦੇ ਉਪਾਅ ਵੀ ਮਹੱਤਵਪੂਰਨ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਡਾਕਟਰੀ ਸਲਾਹ ਤੋਂ ਐਂਟੀਬਾਇਓਟਿਕ ਦਵਾਈਆਂ ਨਾ ਖਰੀਦਣ, ਪੁਰਾਣੀ ਪਰਚੀ ਦੇ ਆਧਾਰ ’ਤੇ ਦਵਾਈ ਦੁਬਾਰਾ ਸ਼ੁਰੂ ਨਾ ਕਰਨ ਅਤੇ ਬਚੀਆਂ ਹੋਈਆਂ ਦਵਾਈਆਂ ਦੀ ਵਰਤੋਂ ਆਪਣੇ ਆਪ ਨਾ ਕਰਨ। ਐਂਟੀਬਾਇਓਟਿਕ ਦਵਾਈਆਂ ਦੀ ਜ਼ਿੰਮੇਵਾਰ ਵਰਤੋਂ ਕਰਕੇ ਹੀ ਇਨ੍ਹਾਂ ਦੀ ਪ੍ਰਭਾਵਸ਼ੀਲਤਾ ਨੂੰ ਕਾਇਮ ਰੱਖਣ ਅਤੇ ਲੋਕਾਂ ਦੀ ਸਿਹਤ ਦੀ ਰੱਖਿਆ ਕਰਨ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਵਰਤੋਂ ਕਰੋ, ਦਵਾਈਆਂ ਪ੍ਰਤੀ ਰੋਧਕਤਾ ਤੋਂ ਬਚਾਅ ਵਿੱਚ ਆਪਣਾ ਯੋਗਦਾਨ ਪਾਓ।