ਨਵੀਂ ਦਿੱਲੀ : ਭਾਰਤ ਦੇ ਸਮਾਰਟਫੋਨ ਬਾਜ਼ਾਰ ’ਚ ਚੀਨੀ ਕੰਪਨੀਆਂ ਦਾ ਦਬਦਬਾ ਕਮਜ਼ੋਰ ਪੈਣ ਲੱਗਾ ਹੈ। ਮੈਮੋਰੀ ਚਿੱਪ ਦੀ ਰਿਕਾਰਡ ਉੱਚੀ ਕੀਮਤ ਨੇ ਕੰਪਨੀਆਂ ਦੀ ਲਾਗਤ ਵਧਾ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਬਜਟ ਸਮਾਰਟਫੋਨ ਦੇ ਉਤਪਾਦਨ ਅਤੇ ਵਿਕਰੀ ਦੀ ਰਣਨੀਤੀ ਬਦਲਣੀ ਪੈ ਰਹੀ ਹੈ। ਇਸ ਦਾ ਸਿੱਧਾ ਫਾਇਦਾ ਘਰੇਲੂ ਮੋਬਾਈਲ ਕੰਪਨੀਆਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ। ਜੁਲਾਈ-ਸਤੰਬਰ 2026 ਦੀ ਤਿਮਾਹੀ ’ਚ ਭਾਰਤੀ ਬਾਜ਼ਾਰ ’ਚ ਚੀਨੀ ਬ੍ਰਾਂਡਾਂ ਦੀ ਹਿੱਸੇਦਾਰੀ ਘਟ ਕੇ ਕਰੀਬ 68 ਫੀਸਦੀ ਰਹਿ ਗਈ, ਜੋ 8 ਸਾਲਾਂ ’ਚ ਸਭ ਤੋਂ ਘੱਟ ਹੈ।
ਇਕ ਸਾਲ ’ਚ 7 ਫੀਸਦੀ ਘਟੀ ਹਿੱਸੇਦਾਰੀ
ਤਕਨਾਲੋਜੀ ਬਾਜ਼ਾਰ ਖੋਜ ਕੰਪਨੀ ਓਮਡੀਆ ਦੇ ਅੰਦਾਜ਼ੇ ਮੁਤਾਬਕ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਚੀਨੀ ਬ੍ਰਾਂਡਾਂ ਦੀ ਹਿੱਸੇਦਾਰੀ ਇਕ ਸਾਲ ਪਹਿਲਾਂ 75 ਫੀਸਦੀ ਸੀ। ਪਿਛਲੀ ਤਿਮਾਹੀ ’ਚ ਇਹ ਕਰੀਬ 71 ਫੀਸਦੀ ਰਹੀ ਸੀ। ਹੁਣ ਇਸ ਦੇ 68 ਫੀਸਦੀ ਤੱਕ ਡਿੱਗਣ ਨਾਲ ਬਾਜ਼ਾਰ ’ਚ ਮੁਕਾਬਲੇ ਦਾ ਨਵਾਂ ਦੌਰ ਸ਼ੁਰੂ ਹੋਣ ਦੇ ਸੰਕੇਤ ਹਨ। ਕਾਊਂਟਰਪੁਆਇੰਟ ਰਿਸਰਚ ਅਨੁਸਾਰ ਚੀਨ ਦੇ ਮੂਲ ਉਪਕਰਣ ਨਿਰਮਾਤਾ ਕੰਪਨੀਆਂ ਦੀ ਹਿੱਸੇਦਾਰੀ ਵੀ ਜੁਲਾਈ-ਸਤੰਬਰ ਤਿਮਾਹੀ ’ਚ 67 ਫੀਸਦੀ ਰਹੀ, ਜੋ 2019 ਦੀ ਪਹਿਲੀ ਤਿਮਾਹੀ ਤੋਂ ਬਾਅਦ ਸਭ ਤੋਂ ਘੱਟ ਹੈ। ਅਪ੍ਰੈਲ-ਜੂਨ 2020 ’ਚ ਚੀਨੀ ਬ੍ਰਾਂਡਾਂ ਦੀ ਹਿੱਸੇਦਾਰੀ 80 ਫੀਸਦੀ ਦੇ ਸਿਖਰ ’ਤੇ ਪਹੁੰਚ ਗਈ ਸੀ।
ਬਜਟ ਫੋਨ ’ਤੇ ਸਭ ਤੋਂ ਵੱਧ ਮਾਰ
ਵੀਵੋ, ਓਪੋ ਅਤੇ ਸ਼ਾਓਮੀ ਵਰਗੀਆਂ ਚੀਨੀ ਕੰਪਨੀਆਂ ਲਾਗਤ ਕੰਟਰੋਲ ਕਰਨ ਲਈ ਸਸਤੇ ਸਮਾਰਟਫੋਨ ’ਚ ਕਟੌਤੀ ਕਰ ਰਹੀਆਂ ਹਨ। ਮੈਮੋਰੀ ਚਿੱਪ ਮਹਿੰਗੀ ਹੋਣ ਨਾਲ ਘੱਟ ਕੀਮਤ ਵਾਲੇ ਫੋਨ ਬਣਾਉਣਾ ਪਹਿਲਾਂ ਦੇ ਮੁਕਾਬਲੇ ਮੁਸ਼ਕਲ ਹੋ ਗਿਆ ਹੈ। ਕੰਪਨੀਆਂ ਕੁਝ ਸ਼ੁਰੂਆਤੀ ਮਾਡਲਾਂ ਦੀ ਗਿਣਤੀ ਘਟਾਉਣ ਅਤੇ ਉਨ੍ਹਾਂ ਦੀਆਂ ਤਕਨੀਕੀ ਖੂਬੀਆਂ ’ਚ ਕਟੌਤੀ ਕਰਨ ’ਤੇ ਵਿਚਾਰ ਕਰ ਰਹੀਆਂ ਹਨ। ਇਸ ਨਾਲ ਉਨ੍ਹਾਂ ਗਾਹਕਾਂ ਲਈ ਬਦਲ ਸੀਮਤ ਹੋ ਸਕਦੇ ਹਨ, ਜੋ ਘੱਟ ਕੀਮਤ ’ਚ ਬਿਹਤਰ ਸੁਵਿਧਾਵਾਂ ਵਾਲਾ ਫੋਨ ਖਰੀਦਣਾ ਚਾਹੁੰਦੇ ਹਨ।
ਲਾਵਾ ਅਤੇ ਏ. ਆਈ. ਪਲੱਸ ਨੂੰ ਮੌਕਾ
ਚੀਨੀ ਕੰਪਨੀਆਂ ਦੇ ਬਜਟ ਫੋਨ ਤੋਂ ਪਿੱਛੇ ਹਟਣ ਕਾਰਨ ਭਾਰਤੀ ਬ੍ਰਾਂਡਾਂ ਲਈ ਬਾਜ਼ਾਰ ’ਚ ਜਗ੍ਹਾ ਬਣਾਉਣ ਦਾ ਮੌਕਾ ਪੈਦਾ ਹੋਇਆ ਹੈ। ਲਾਵਾ ਅਤੇ ਏ. ਆਈ. ਪਲੱਸ ਵਰਗੀਆਂ ਘਰੇਲੂ ਕੰਪਨੀਆਂ ਕੀਮਤ ਪ੍ਰਤੀ ਸੰਵੇਦਨਸ਼ੀਲ ਗਾਹਕਾਂ ਨੂੰ ਆਕਰਸ਼ਿਤ ਕਰ ਸਕਦੀਆਂ ਹਨ। ਉਪਲੱਬਧ ਅੰਕੜਿਆਂ ਅਨੁਸਾਰ, 2026 ਦੀ ਤੀਜੀ ਤਿਮਾਹੀ ’ਚ 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ ਸੈਕਟਰ ’ਚ ਭਾਰਤੀ ਕੰਪਨੀਆਂ ਦੀ ਹਿੱਸੇਦਾਰੀ ਵਧ ਕੇ 7 ਫੀਸਦੀ ਹੋ ਗਈ, ਜੋ 2018 ਦੀ ਚੌਥੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਧ ਹੈ।
ਹੁਣ ਲਾਭ ’ਤੇ ਜ਼ੋਰ
ਮਾਹਿਰਾਂ ਮੁਤਾਬਕ ਕੰਪਨੀਆਂ ਲਾਗਤ ਘਟਾਉਣ ਲਈ ਫੋਨ ਦੀਆਂ ਖੂਬੀਆਂ ’ਚ ਕਟੌਤੀ ਕਰ ਰਹੀਆਂ ਹਨ ਅਤੇ ਮੱਧ ਅਤੇ ਪ੍ਰੀਮੀਅਮ ਸ਼੍ਰੇਣੀ ਦੇ ਮਾਡਲ ’ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ। ਹਾਲਾਂਕਿ ਬਾਜ਼ਾਰ ’ਚ ਲੰਮੇ ਸਮੇਂ ਤੱਕ ਟਿਕੇ ਰਹਿਣ ਲਈ ਸਿਰਫ ਘੱਟ ਕੀਮਤ ਪੂਰੀ ਨਹੀਂ ਹੋਵੇਗੀ। ਬਿਹਤਰ ਉਤਪਾਦ, ਭਰੋਸੇਮੰਦ ਵਿਕਰੀ ਤੋਂ ਬਾਅਦ ਦੀ ਸੇਵਾ ਅਤੇ ਗਾਹਕਾਂ ਦਾ ਵਿਸ਼ਵਾਸ ਹੀ ਭਾਰਤੀ ਕੰਪਨੀਆਂ ਦੇ ਵਾਧੇ ਨੂੰ ਸਥਾਈ ਬਣਾ ਸਕਦੇ ਹਨ।
ਚੀਨੀ ਬ੍ਰਾਂਡਾਂ ਦੀ ਬਾਜ਼ਾਰ ਹਿੱਸੇਦਾਰੀ
ਅਪ੍ਰੈਲ-ਜੂਨ 2020 : 80 ਫੀਸਦੀ
ਜੁਲਾਈ-ਸਤੰਬਰ 2025 : 75 ਫੀਸਦੀ
ਅਪ੍ਰੈਲ-ਜੂਨ 2026 : 71 ਫੀਸਦੀ
ਜੁਲਾਈ-ਸਤੰਬਰ 2026 : 68 ਫੀਸਦੀ
ਤੀਜੀ ਤਿਮਾਹੀ 2026 ’ਚ ਭਾਰਤੀ ਕੰਪਨੀਆਂ ਦੀ ਹਿੱਸੇਦਾਰੀ (20 ਹਜ਼ਾਰ ਰੁਪਏ ਤੋਂ ਘੱਟ ਦੇ ਫੋਨ) : 7 ਫੀਸਦੀ
ਤੀਜੀ ਤਿਮਾਹੀ 2026 ’ਚ ਚੀਨੀ ਮੂਲ ਉਪਕਰਣ ਨਿਰਮਾਤਾ ਕੰਪਨੀਆਂ ਦੀ ਹਿੱਸੇਦਾਰੀ : 67 ਫੀਸਦੀ