ਸੰਗਰੂਰ : ਕਾਂਗਰਸ ਦੀ ਇਨਸਾਫ਼ ਰੈਲੀ ਦੌਰਾਨ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਇਸ ਮੌਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਹਿਲੀ ਲਾਈਨ 'ਚ ਬਿਠਾਇਆ। ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਨੂੰ ਜਾਣਦਾ ਨਹੀਂ ਸੀ ਪਰ ਜਦੋਂ ਪਹਿਲੀ ਵਾਰ ਉਸ ਨੂੰ ਮਿਲਿਆ ਤਾਂ ਵਧੀਆ ਲੱਗਾ। ਮੈਂ ਉਸ ਵੇਲੇ ਉਸ ਦੇ ਗਾਣੇ ਨਹੀਂ ਸੁਣੇ ਸਨ। ਮੈਨੂੰ ਦੱਸਿਆ ਗਿਆ ਕਿ ਮੂਸੇਵਾਲਾ ਵਧੀਆ ਮੁੰਡਾ ਹੈ ਅਤੇ ਸਿਆਸਤ 'ਚ ਆਉਣਾ ਚਾਹੁੰਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਬਹੁਤ ਡਾਇਨਾਮਿਕ ਅਤੇ ਟੈਲੈਂਟਿਡ ਮੁੰਡਾ ਸੀ।
ਉਸ ਨੂੰ ਕਾਂਗਰਸ 'ਚ ਸ਼ਾਮਲ ਕਰਵਾਇਆ ਅਤੇ ਉਦੋਂ ਮੈਨੂੰ ਲੱਗਿਆ ਸੀ ਕਿ ਇਹ ਖ਼ਤਰਨਾਕ ਜਗ੍ਹਾ ਆ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਥੋੜ੍ਹੀ ਜਿਹੀ ਇਸ ਨੂੰ ਸਿਆਸੀ ਸੁਰੱਖਿਆ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਮੂਸੇਵਾਲਾ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਸਿਆਸਤ 'ਚ ਵੱਡੇ ਕੰਮ ਕਰ ਸਕਦਾ ਸੀ ਕਿਉਂਕਿ ਪੰਜਾਬ ਦੀ ਆਵਾਜ਼ ਉਸ ਦੇ ਅੰਦਰ ਸੀ। ਉਸ ਦੇ ਗਾਣਿਆਂ 'ਚੋਂ ਵੀ ਪੰਜਾਬ ਦੀ ਆਵਾਜ਼ ਆਉਂਦੀ ਸੀ। ਮੈਂ ਉਸ ਦਾ 295 ਗਾਣਾ ਸੁਣਿਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ। ਫਿਰ ਇਕ ਦਿਨ ਸਭ ਦੇ ਸਾਹਮਣੇ ਉਸ ਦੀ ਸੁਰੱਖਿਆ ਹਟਾ ਦਿੱਤੀ ਗਈ। ਫਿਰ ਦਿਨ-ਦਿਹਾੜੇ ਉਸ ਦਾ ਕਤਲ ਕਰ ਦਿੱਤਾ ਗਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਜਿਸ ਪਿਤਾ ਨੂੰ ਆਪਣੇ ਪੁੱਤ ਦੀ ਮੌਤ ਦੇਖਣੀ ਪੈਂਦੀ ਹੈ, ਇਸ ਤੋਂ ਵੱਡਾ ਦਰਦ ਹੋਰ ਕੋਈ ਨਹੀਂ ਹੈ ਅਤੇ ਜੋ ਬਲਕੌਰ ਸਿੰਘ ਦੇ ਪੁੱਤ ਨਾਲ ਹੋਇਆ, ਅੱਜ ਉਹ ਪੰਜਾਬ 'ਚ ਫੈਸ਼ਨ ਬਣ ਗਿਆ ਹੈ। ਜਿਸ ਕੋਲ ਸਿੱਧੂ ਵਰਗਾ ਟੈਲੈਂਟ ਅਤੇ ਹੁਨਰ ਹੈ, ਪੰਜਾਬ ਅਤੇ ਦੇਸ਼ ਲਈ ਕੰਮ ਕਰਨਾ ਚਾਹੁੰਦਾ ਹੈ, ਉਸ ਨੂੰ ਧਮਕਾਇਆ ਅਤੇ ਡਰਾਇਆ ਜਾਂਦਾ ਹੈ ਅਤੇ ਫਿਰ ਸਭ ਦੇ ਸਾਹਮਣੇ ਗੋਲੀ ਮਾਰ ਦਿੱਤੀ ਜਾਂਦੀ ਹੈ।