ਨਵੀਂ ਦਿੱਲੀ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਇਸ ਵਾਰ ਵਿਵਾਦ ਸੰਸਦ ਭਵਨ ਦੇ 'ਮਕਰ ਦੁਆਰ' 'ਤੇ ਬੈਠ ਕੇ ਚਾਹ-ਬਿਸਕੁਟ ਖਾਣ ਨੂੰ ਲੈ ਕੇ ਸ਼ੁਰੂ ਹੋਇਆ ਹੈ। ਭਾਜਪਾ ਸਾਂਸਦ ਨਿਸ਼ੀਕਾਂਤ ਦੁਬੇ ਨੇ ਰਾਹੁਲ ਗਾਂਧੀ 'ਤੇ ਸੰਸਦ ਦੀ ਮਰਯਾਦਾ ਭੰਗ ਕਰਨ ਅਤੇ ਉੱਥੇ 'ਪਿਕਨਿਕ' ਮਨਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਹੁਣ ਇਸ ਮਾਮਲੇ ਵਿੱਚ ਸਾਬਕਾ ਫ਼ੌਜੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਵੀ ਐਂਟਰੀ ਮਾਰਦਿਆਂ ਰਾਹੁਲ ਗਾਂਧੀ ਤੋਂ ਦੇਸ਼ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।
ਸੰਸਦ 'ਪਿਕਨਿਕ ਸਪਾਟ' ਨਹੀਂ: ਨਿਸ਼ੀਕਾਂਤ ਦੁਬੇ
ਲੋਕ ਸਭਾ ਵਿੱਚ ਭਾਜਪਾ ਸਾਂਸਦ ਨਿਸ਼ੀਕਾਂਤ ਦੁਬੇ ਨੇ ਨਿਯਮ 384 ਅਤੇ 378 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਪੀਕਰ ਦੇ ਸਪੱਸ਼ਟ ਹੁਕਮ ਹਨ ਕਿ 'ਮਕਰ ਦੁਆਰ' 'ਤੇ ਕੋਈ ਵੀ ਧਰਨਾ ਜਾਂ ਪ੍ਰਦਰਸ਼ਨ ਨਹੀਂ ਹੋ ਸਕਦਾ। ਦੁਬੇ ਨੇ ਦੋਸ਼ ਲਾਇਆ, "ਰਾਹੁਲ ਗਾਂਧੀ ਸੰਸਦ ਦੀਆਂ ਪੌੜੀਆਂ 'ਤੇ ਬੈਠ ਕੇ ਚਾਹ ਪੀ ਰਹੇ ਹਨ ਅਤੇ ਬਿਸਕੁਟ ਖਾ ਰਹੇ ਹਨ, ਜਿਵੇਂ ਇਹ ਕੋਈ ਪਿਕਨਿਕ ਸਪਾਟ ਹੋਵੇ।" ਉਨ੍ਹਾਂ ਨੇ ਰਾਹੁਲ ਗਾਂਧੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਦੁਬੇ ਨੇ ਜਾਰਜ ਸੋਰੋਸ ਅਤੇ ਭਾਰਤ ਜੋੜੋ ਯਾਤਰਾ ਦੇ ਫੰਡਿੰਗ ਦੇ ਪੁਰਾਣੇ ਦਾਅਵਿਆਂ ਨੂੰ ਵੀ ਦੁਹਰਾਇਆ, ਜਿਸ 'ਤੇ ਕਾਂਗਰਸ ਨੇ ਭਾਰੀ ਹੰਗਾਮਾ ਕੀਤਾ।
ਸਾਬਕਾ ਫ਼ੌਜੀਆਂ ਨੇ ਜਾਰੀ ਕੀਤਾ ਪੱਤਰ: "ਇਹ ਸੰਸਦੀ ਸ਼ਿਸ਼ਟਾਚਾਰ ਦੀ ਉਲੰਘਣਾ"
ਰਾਹੁਲ ਗਾਂਧੀ ਦੇ ਇਸ ਕ੍ਰਿਤ ਵਿਰੁੱਧ ਦੇਸ਼ ਦੇ ਸਾਬਕਾ ਫ਼ੌਜੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਇੱਕ ਸਾਂਝਾ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਕਿਹਾ ਕਿ ਸੰਸਦ ਦੀਆਂ ਪੌੜੀਆਂ, ਗਲਿਆਰੇ ਅਤੇ ਲਾਬੀ ਕੋਈ ਆਮ ਥਾਂਵਾਂ ਨਹੀਂ ਹਨ, ਬਲਕਿ ਸੰਵਿਧਾਨਕ ਸੰਸਥਾ ਦਾ ਅਨਿੱਖੜਵਾਂ ਅੰਗ ਹਨ। 12 ਮਾਰਚ ਨੂੰ ਵਾਪਰੀ ਇਹ ਘਟਨਾ ਚਿੰਤਾਜਨਕ ਹੈ। ਸੰਸਦ ਦੀਆਂ ਪੌੜੀਆਂ 'ਤੇ ਚਾਹ-ਬਿਸਕੁਟ ਖਾਣਾ ਇੱਕ 'ਸਿਆਸੀ ਤਮਾਸ਼ਾ' ਹੈ, ਜੋ ਸੰਸਥਾ ਦੀ ਗਰਿਮਾ ਨੂੰ ਢਾਹ ਲਾਉਂਦਾ ਹੈ। ਸਾਬਕਾ ਫ਼ੌਜੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀ ਇਸ ਹਰਕਤ ਲਈ ਰਾਸ਼ਟਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਆਪਣੇ ਵਿਵਹਾਰ 'ਤੇ ਆਤਮ-ਮੰਥਨ ਕਰਨਾ ਚਾਹੀਦਾ ਹੈ।
ਸਦਨ ਦੀ ਕਾਰਵਾਈ ਹੋਈ ਮੁਲਤਵੀ
ਇਸ ਮੁੱਦੇ 'ਤੇ ਭਾਜਪਾ ਅਤੇ ਕਾਂਗਰਸ ਦੇ ਮੈਂਬਰਾਂ ਵਿਚਾਲੇ ਤਿੱਖੀ ਨੋਕ-ਝੋਕ ਹੋਈ। ਹੰਗਾਮਾ ਵਧਦਾ ਦੇਖ ਕੇ ਪੀਠਾਸਾਨ ਸਭਾਪਤੀ ਜਗਦੰਬਿਕਾ ਪਾਲ ਨੇ ਸਦਨ ਦੀ ਬੈਠਕ ਨੂੰ ਸ਼ਾਮ 5 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।