ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਨੂੰ ਭਾਈਚਾਰੇ ਨੂੰ ਉਤਸ਼ਾਹ ਦੇ ਕੇ ਆਪਸੀ ਸਨਮਾਨ ਦੇ ਆਧਾਰ 'ਤੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਚੀਫ਼ ਜਸਟਿਸ ਸੂਰੀਆਕਾਂਤ, ਜੱਜ ਬੀ.ਵੀ. ਨਾਗਰਤਨਾ ਅਤੇ ਜੱਜ ਜੋਇਮਲਿਆ ਬਾਗਚੀ ਦੀ ਬੈਂਚ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੇ ਹਾਲ ਦੇ ਭਾਸ਼ਣਾਂ 'ਤੇ 9 ਲੋਕਾਂ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।
ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਦੇਸ਼ 'ਚ ਰਾਜਨੀਤਕ ਦਲਾਂ ਦੇ ਭਾਈਚਾਰੇ ਨੂੰ ਉਤਸ਼ਾਹ ਦੇਣ ਅਤੇ ਆਪਸੀ ਸਨਮਾਨ ਨਾਲ ਚੋਣ ਲੜਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਅਤੇ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਦੀ ਅਜਿਹੀ ਬਿਆਨਬਾਜ਼ੀ 'ਤੇ ਧਿਆਨ ਦਿੰਦੇ ਹੋਏ ਕਿਹਾ ਕਿ ਅਜਿਹਾ ਆਚਰਨ ਸੰਵਿਧਾਨਕ ਮਰਿਆਦਾ ਦੇ ਅਨੁਕੂਲ ਨਹੀਂ ਹੈ। ਪਟੀਸ਼ਨਕਰਤਾਵਾਂ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ,''ਅਦਾਲਤ ਨੂੰ ਇਸ 'ਚ ਕੁਝ ਜ਼ਰੂਰ ਕਰਨਾ ਚਾਹੀਦਾ।'' ਤਾਂ ਜੱਜ ਸੂਰੀਆਕਾਂਤ ਨੇ ਕਿਹਾ ਕਿ ਮੌਜੂਦਾ ਪਟੀਸ਼ਨ ਵਾਪਸ ਲਈ ਜਾਵੇ ਅਤੇ ਇਸ ਦੀ ਜਗ੍ਹਾ ਜੋ ਪਟੀਸ਼ਨ ਆਏ, ਉਸ 'ਚ ਸੰਵਿਧਾਨਕ ਕਦਰਾਂ-ਕੀਮਤਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ।