ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਦੇਸ਼ ਵਿਚ ਵਧਦੀ ਨਸ਼ੇ ਦੀ ਸਮੱਸਿਆ ’ਤੇ ਡੂੰਘੀ ਚਿੰਤਾ ਪ੍ਰਗਟਾਈ। ਸੂਤਰਾਂ ਮੁਤਾਬਕ, ਨੌਜਵਾਨਾਂ ਵਿਚ ਨਸ਼ੇ ਦੀ ਲਤ ਦਾ ਜ਼ਿਕਰ ਕਰਦਿਆਂ ਪੀ. ਐੱਮ. ਮੋਦੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਹਰ ਹਾਲਤ ਵਿਚ ਨਸ਼ੇ ਦੇ ਚੁੰਗਲ ਤੋਂ ਬਚਾਉਣਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਨਕਸਲਵਾਦ ਵਿਰੁੱਧ ਮਿਲੀ ਸਫ਼ਲਤਾ ਦੀ ਮਿਸਾਲ ਦਿੰਦਿਆਂ ਨਸ਼ੇ ਦੀ ਸਮੱਸਿਆ ਨੂੰ ਵੀ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੱਤਾ।
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਈ। ਆਸੀਆਨ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਮਨੀਲਾ ਤੋਂ ਦੇਰ ਰਾਤ ਦਿੱਲੀ ਪਰਤੇ ਪ੍ਰਧਾਨ ਮੰਤਰੀ ਨੇ ਸਵੇਰੇ 10:30 ਵਜੇ ਬੈਠਕ ਦੀ ਪ੍ਰਧਾਨਗੀ ਕੀਤੀ। ਕਰੀਬ ਸਾਢੇ 3 ਘੰਟੇ ਤੱਕ ਚੱਲੀ ਇਸ ਬੈਠਕ ਵਿਚ ਨਸ਼ੇ ਦੀ ਵਧਦੀ ਸਮੱਸਿਆ, ਗਰੀਬੀ ਖ਼ਤਮ ਕਰਨ, ਨਕਸਲਵਾਦ, ਵਿੱਤੀ ਸਸ਼ਕਤੀਕਰਨ ਅਤੇ ਪ੍ਰਸ਼ਾਸਨਿਕ ਸੁਧਾਰਾਂ ਸਮੇਤ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਕਸਲਵਾਦ ਵਿਰੁੱਧ ਮਿਲੀ ਸਫ਼ਲਤਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਦੇਸ਼ ਵਿਚੋਂ ਨਕਸਲਵਾਦ ਖ਼ਤਮ ਕੀਤਾ ਜਾ ਸਕਦਾ ਹੈ, ਤਾਂ ਨਸ਼ੇ ਦੀ ਸਮੱਸਿਆ ਨੂੰ ਵੀ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ PM ਮੋਦੀ ਨੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਨਕਸਲਵਾਦ ਵਿਰੁੱਧ ਮਿਲੀਆਂ ਪ੍ਰਾਪਤੀਆਂ ਨੂੰ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਨਕਸਲਵਾਦ ਮੁੜ ਸਿਰ ਨਾ ਚੁੱਕ ਸਕੇ। ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਸਤੰਬਰ ਵਿਚ ਆਯੋਜਿਤ ਚਿੰਤਨ ਬੈਠਕ ਦੌਰਾਨ ਤੈਅ ਕੀਤੇ ਗਏ ਟੀਚਿਆਂ ’ਤੇ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਤੇ ਆਰਥਿਕ ਸੁਧਾਰਾਂ ਦੀ ਦਿਸ਼ਾ ਵਿਚ ਹੁਣ ਤੱਕ ਚੁੱਕੇ ਗਏ ਕਦਮਾਂ ਦਾ ਮੁਲਾਂਕਣ ਕੀਤਾ ਗਿਆ।
50 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ, ਹੁਣ ਮੁੜ ਗਰੀਬ ਨਾ ਬਣਨ
ਬੈਠਕ ਵਿਚ PM ਮੋਦੀ ਨੇ ਗਰੀਬੀ ਖ਼ਤਮ ਕਰਨ ਦੇ ਮੁੱਦੇ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ 2014 ਵਿਚ ਪਹਿਲੀ ਵਾਰ ਕੇਂਦਰ ਵਿਚ ਸਰਕਾਰ ਬਣਨ ਤੋਂ ਬਾਅਦ ਸੰਸਦ ਦੇ ਸੈਂਟਰਲ ਹਾਲ ਵਿਚ ਦਿੱਤੇ ਗਏ ਆਪਣੇ ਭਾਸ਼ਣ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿਚ 50 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਚੁੱਕੇ ਹਨ। ਹਾਲਾਂਕਿ, ਹੁਣ ਸਭ ਤੋਂ ਵੱਡੀ ਲੋੜ ਇਹ ਯਕੀਨੀ ਬਣਾਉਣ ਦੀ ਹੈ ਕਿ ਇਹ ਲੋਕ ਮੁੜ ਗਰੀਬੀ ਦੇ ਕੁਚੱਕਰ ਵਿਚ ਨਾ ਫਸਣ। PM ਮੋਦੀ ਨੇ ਇਸ ਲਈ ਲੋਕਾਂ ਵਿਚ ਬੱਚਤ ਦੀ ਆਦਤ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਦਾ ਸੱਭਿਆਚਾਰ ਸਿਰਫ਼ ‘ਖਾਓ-ਪੀਓ ਅਤੇ ਮੌਜ ਕਰੋ’ ਵਾਲਾ ਨਹੀਂ ਰਿਹਾ ਹੈ, ਸਗੋਂ ਬੱਚਤ ਕਰਨਾ ਭਾਰਤੀਆਂ ਦੇ ਸੁਭਾਅ ਦਾ ਅਹਿਮ ਹਿੱਸਾ ਰਿਹਾ ਹੈ, ਇਸ ਆਦਤ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।