ਤਿਰੂਵਨੰਤਪੁਰਮ : ‘ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿੰਥਲਾ ਨੇ ਕਰੀਬ 2 ਦਹਾਕੇ ਪਹਿਲਾਂ ਸੂਬੇ ’ਚ ਸੜਕ ਨਿਰਮਾਣ ਪ੍ਰਾਜੈਕਟ ਦੌਰਾਨ ਰਿਸ਼ਵਤ ਮੰਗਣ ਦੇ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਗਿਆਨੇਸ਼ ਕੁਮਾਰ ’ਤੇ ਇਕ ਸਾਬਕਾ ਠੇਕੇਦਾਰ ਵੱਲੋਂ ਲਾਏ ਗਏ ਨਵੇਂ ਦੋਸ਼ਾਂ ਦੀ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਵੀ. ਏ. ਸੀ. ਬੀ.) ਤੋਂ ਜਾਂਚ ਕਰਾਉਣ ਦਾ ਹੁਕਮ ਦਿੱਤਾ ਹੈ। ਇਕ ਅਧਿਕਾਰਤ ਸਰੋਤ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਘਟਨਾਚੱਕਰ ਪੂਰੇ ਦੇਸ਼ ’ਚ ਵੋਟਰ ਸੂਚੀਆਂ ਦੇ ਵਿਸ਼ੇਸ਼ ਸੁਧਾਰ ਪੁਨਰ ਨਿਰੀਖਣ (ਐੱਸ. ਆਈ. ਆਰ.) ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਮੁੱਖ ਚੋਣ ਕਮਿਸ਼ਨਰ ਕੁਮਾਰ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦਰਮਿਆਨ ਸਾਹਮਣੇ ਆਇਆ ਹੈ। ਕੋਲਮ ਜ਼ਿਲ੍ਹੇ ਦੇ ਚਦਯਾਮੰਗਲਮ ਵਾਸੀ ਠੇਕੇਦਾਰ ਸਾਜਨ ਨੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਡਾਇਰੈਕਟਰ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਸਮੇਂ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਰਹੇ ਕੁਮਾਰ ਨੇ ਕੇਰਲ ਰਾਜ ਟਰਾਂਸਪੋਰਟ ਪ੍ਰਾਜੈਕਟ ਹੇਠ ਪੂਰੇ ਕੀਤੇ ਗਏ ਕੰਮਾਂ ਦਾ ਭੁਗਤਾਨ ਜਾਰੀ ਕਰਨ ਲਈ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਸਾਜਨ ਨੇ ਦੋਸ਼ ਲਾਇਆ ਕਿ ਕੁਮਾਰ ਨੇ ਇੰਜੀਨੀਅਰਾਂ ਵੱਲੋਂ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਕਰੀਬ 17 ਕਰੋੜ ਰੁਪਏ ਦੇ ਬਿੱਲ ਦੇ ਚੈੱਕ ਜਾਣਬੁੱਝ ਕੇ ਰੋਕ ਰੱਖੇ ਸਨ।