ਦੀਨਾਨਗਰ : ਬੀਤੇ ਦਿਨ ਦੀਨਾਨਗਰ ਨਗਰ ਕੌਂਸਲ ਦੇ ਵਾਰਡ ਨੰਬਰ 6 ਦੇ ਬੂਥ ਨੰਬਰ 9 'ਤੇ ਈਵੀਐਮ EVM ਮਸ਼ੀਨ 'ਚ ਤਕਨੀਕੀ ਖਰਾਬੀ ਕਾਰਨ ਵੋਟਾਂ ਦਾ ਨਤੀਜਾ ਐਲਾਨ ਨਹੀਂ ਹੋ ਸਕਿਆ। ਹੁਣ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਵਾਰਡ ਨੰਬਰ 6 ਦੇ ਬੂਥ ਨੰਬਰ 9 'ਤੇ ਕੱਲ੍ਹ 15 ਜੂਨ 2026 ਨੂੰ ਮੁੜ ਵੋਟਿੰਗ ਕਰਵਾਈ ਜਾਵੇਗੀ। ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ।
ਜਾਣਕਾਰੀ ਮੁਤਾਬਕ ਬੀਤੇ ਦਿਨ ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਮਸ਼ੀਨ ਖਰਾਬ ਹੋ ਗਈ ਸੀ। ਪ੍ਰਸ਼ਾਸਨ ਵੱਲੋਂ ਤੁਰੰਤ ਉਥੇ ਨਵੀਂ ਮਸ਼ੀਨ ਲਗਾ ਕੇ ਵੋਟਿੰਗ ਮੁੜ ਸ਼ੁਰੂ ਕਰਵਾਈ ਗਈ ਸੀ। ਇਸ ਦੌਰਾਨ ਸ਼ਾਮ ਨੂੰ ਵੋਟਿੰਗ ਮੁਕੰਮਲ ਹੋਣ 'ਤੇ ਦੋਵੇਂ ਮਸ਼ੀਨਾਂ ਦੀ ਗਿਣਤੀ ਜੋੜ ਕੇ ਨਤੀਜਾ ਐਲਾਨ ਕਰਨਾ ਸੀ, ਪਰ ਪਹਿਲੀ ਮਸ਼ੀਨ ਦੀ ਡਿਸਪਲੇ ਖਰਾਬ ਹੋਣ ਕਾਰਨ ਉਸ 'ਚ ਪਈਆਂ ਵੋਟਾਂ ਦੀ ਗਿਣਤੀ ਨਾ ਮਿਲ ਸਕੀ। ਇਸ ਕਾਰਨ ਟੀਮਾਂ ਬਿਨਾਂ ਗਿਣਤੀ ਕੀਤੇ ਦੋਵੇਂ ਮਸ਼ੀਨਾਂ ਲੈ ਕੇ ਗੁਰਦਾਸਪੁਰ ਚਲ ਗਈਆਂ। ਜਿਸ ਤੋਂ ਬਾਅਦ ਅੱਜ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 15 ਜੂਨ ਨੂੰ ਵਾਰਡ ਨੰਬਰ 6 ਦੇ ਬੂਥ ਨੰਬਰ 9 'ਤੇ ਵੋਟਿੰਗ ਹੋਵੇਗੀ।