ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ 'ਤੇ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ 'ਪੰਥਕ ਇਕੱਠ' ਹੋਇਆ। ਸਮਾਗਮ ਦੇ ਸ਼ੁਰੂਆਤੀ ਦੌਰ ਵਿੱਚ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਵਾਰਾਂ ਗਾਇਨ ਕਰਕੇ ਨਿਹਾਲ ਕੀਤਾ। ਇਸ ਮੌਕੇ ਦੀਵਾਨ ਹਾਲ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀਆਂ। ਇਸ ਪੰਥਕ ਇਕੱਠ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਕਈ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਸਿੰਘ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ। ਇਸ ਇਕੱਤਰਤਾ 'ਚ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਜਿਨ੍ਹਾਂ ਨੇ ਪੰਥਕ ਹਿੱਤਾਂ ਲਈ ਸੰਬੋਧਿਤ ਕਰਦੇ ਹੋਏ ਇਕਜੁੱਟਤਾ ਦਿਖਾਈ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕੱਠ ਦੌਰਾਨ ਪੇਸ਼ ਕੀਤੇ ਗਏ ਗੁਰਮਤੇ 'ਚ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸਿੱਖ ਕੌਮ ਦੀ ਸਰਬਉੱਚ ਪ੍ਰਭੂਸਤਾ ਸੰਪੰਨ ਸੰਸਥਾ ਹੈ। ਧਾਮੀ ਨੇ ਕਿਹਾ ਕਿ ਇਹ ਕੇਵਲ ਇੱਕ ਧਾਰਮਿਕ ਕੇਂਦਰ ਨਹੀਂ, ਸਗੋਂ ਕੌਮੀ ਅਣਖ, ਸਵੈਮਾਨ, ਨਿਆਂ ਅਤੇ ਮੀਰੀ-ਪੀਰੀ ਦੇ ਸਿਧਾਂਤ ਦੀ ਰਾਖੀ ਕਰਨ ਵਾਲਾ ਮਹਾਨ ਅਸਥਾਨ ਹੈ। ਇਤਿਹਾਸ ਗਵਾਹ ਹੈ ਕਿ ਇਸ ਪਵਿੱਤਰ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਤੇ ਆਦੇਸ਼ਾਂ ਨੇ ਸਿੱਖ ਕੌਮ ਨੂੰ ਏਕਤਾ, ਅਨੁਸ਼ਾਸਨ ਅਤੇ ਮਰਿਆਦਾ ਦੇ ਸੂਤਰ 'ਚ ਬਣ ਕੇ ਰੱਖਿਆ ਹੈ।ਸਿੱਖ ਕੌਮ ਨੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਸੇਦ ਲਈ ਹੈ ਅਤੇ ਇਸ ਦੇ ਫੈਸਲਿਆਂ ਨੂੰ ਪ੍ਰਵਾਨ ਕੀਤਾ ਹੈ।
ਇਸ ਦੌਰਾਨ ਪ੍ਰਧਾਨ ਧਾਮੀ ਨੇ ਕਿਹਾ ਮੁੱਖ ਮੰਤਰੀ ਟਕਰਾਅ ਦਾ ਰਸਤਾ ਛੱਡ ਕੇ ਜਲਦ ਤੋਂ ਜਲਦ ਖਿਮਾ ਜਾਚਨਾ ਕਰਨ, ਕਿਉਂਕਿ ਵੱਡੇ-ਵੱਡੇ ਰਾਜਨੀਤਿਕ ਮਹਾਂਬਲੀਆਂ ਨੂੰ ਵੀ ਅੰਤ ਵਿੱਚ ਇਸ ਤਖ਼ਤ ਦੀ ਸ਼ਰਨ 'ਚ ਹੀ ਆਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦਾ ਨਿਰਾਦਰ ਕਰਨਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ ਕਿ ਆਪਣੀ ਭੁੱਲ ਸਵਿਕਾਰ ਕਰਨ ਦੀ ਥਾਂ ਆਮ ਆਦਮੀ ਪਾਰਟੀ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚ ਪੰਥਕ ਅਥਾਰਟੀ ਨੂੰ ਚੁਣੌਤੀ ਦਿੱਤੀ। ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਰਿਆਦਾ ਦੇ ਖਿਲਾਫ ਹੈ ਅਤੇ ਕੌਮ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ ਨਹੀਂ ਕਰਦੀ।
ਪ੍ਰਧਾਨ ਧਾਮੀ ਗੁਰਮਤੇ ਨੂੰ ਪੜ੍ਹਦਿਆਂ ਅੱਗੇ ਕਿਹਾ ਕਿ ਪਿੰਡ ਪੱਧਰ 'ਤੇ ਗੁਰੂ ਸਿੱਖਾਂ ਦੀਆਂ ਕਮੇਟੀਆਂ ਗਠਤ ਕੀਤੀਆਂ ਜਾਣਗੀਆਂ। ਇਨ੍ਹਾਂ ਕਮੇਟੀਆਂ ਦਾ ਮੁੱਖ ਮਨੋਰਥ ਸਿੱਖੀ ਰਵਾਇਤਾਂ ਅਤੇ ਪ੍ਰੰਪਰਾਵਾਂ ਪ੍ਰਤੀ ਸੰਗਤ 'ਚ ਚੇਤਨਤਾ ਪੈਦਾ ਕਰਨਾ ਹੋਵੇਗਾ। ਇਹ ਕਮੇਟੀਆਂ ਸੰਘਰਸ਼ ਕਮੇਟੀਆਂ ਵਜੋਂ ਕੰਮ ਕਰਨਗੀਆਂ ਤਾਂ ਜੋ ਪੰਥ ਦੀ ਧਾਰਾ ਨੂੰ ਘਰ-ਘਰ ਤੱਕ ਲੈ ਕੇ ਜਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਸਿੱਖ ਸੰਸਥਾਵਾਂ ਵਿਰੁੱਧ ਫੈਲਾਈ ਜਾ ਰਹੀ ਗਲਤ ਜਾਣਕਾਰੀ ਅਤੇ ਸਾਜ਼ਿਸ਼ੀ ਪ੍ਰਚਾਰ ਨੂੰ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਤਰਕ-ਸੰਗਤ ਅਤੇ ਸੱਚਾਈ 'ਤੇ ਅਧਾਰਤ ਰਾਏ ਕਾਇਮ ਕਰਕੇ ਦੇਣਾ ਸਮੁੱਚੀ ਕੌਮ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਇਸ ਲਈ ਅਕਾਲੀ ਜਥਿਆਂ, ਸੰਪਰਦਾਵਾਂ, ਸਿੰਘ ਸਭਾਵਾਂ, ਟਕਸਾਲਾਂ ਅਤੇ ਮਿਸ਼ਨਰੀ ਸੰਸਥਾਵਾਂ ਨੂੰ ਕੌਮ ਦੀ ਚੜ੍ਹਦੀ ਕਲਾ ਲਈ ਇੱਕਜੁੱਟ ਹੋਣ ਅਤੇ ਏਕਤਾ ਵੱਲ ਕਦਮ ਵਧਾਉਣ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਨੇ ਇਕੱਠ 'ਚ ਪਹੁੰਚੀਆਂ ਵੱਖ-ਵੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।