ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਡਾ. ਬੀ ਆਰ ਅੰਬੇਦਕਰ ਭਵਨ ਪਿੰਡ ਕੋਹਰੀਆਂ ਵਿਖੇ ਆਯੋਜਿਤ ਤਿੰਨ ਰੋਜ਼ਾ ਭਗਤੀ ਸੰਗਮ ਦੇ ਅੰਤਿਮ ਦਿਨ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯ ਈਸ਼ਵਰਪ੍ਰੀਤਾ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਰਚਾਇਤਾ ਉਹ ਅਕਾਲ ਪੁਰਖ ਹੈ, ਸਭ ਕੁਝ ਉਸਦੇ ਬਣਾਏ ਹੋਏ ਨਿਯਮਾਂ ਤਹਿਤ ਚੱਲ ਰਿਹਾ ਹੈ ਉਸ ਤੋਂ ਬਾਹਰ ਕੁਝ ਵੀ ਨਹੀਂ ਹੈ ਅਤੇ ਕਣ-ਕਣ ਵਿੱਚ ਉਹ ਮੌਜੂਦ ਹੈ। ਉਹ ਆਪ ਨਿਰਾਕਾਰ ਹੈ ਪ੍ਰੰਤੂ ਉਸਦੀ ਰਚਨਾ ਸਾਕਾਰ ਹੈ, ਜੋ ਸਾਨੂੰ ਨਜ਼ਰ ਆ ਰਹੀ ਹੈ ਇਹ ਅੰਧ ਵਿਸ਼ਵਾਸ ਦਾ ਵਿਚਾਰ ਨਹੀਂ ਹੈ ਬਲਕਿ ਵਿਸ਼ਵਾਸ ਦੀ ਕਸੌਟੀ ਹੈ।
ਉਹਨਾਂ ਕਿਹਾ ਕਿ ਅਸੀਂ ਸੁਣਿਆ ਹੈ ਕਿ ਉਹ ਪਰਮਾਤਮਾ ਨਿਰਾਕਾਰ ਹੈ ਪਰ ਅਸੀਂ ਉਸਨੂੰ ਦੇਖਿਆ ਅਤੇ ਜਾਣਿਆ ਨਹੀਂ ਹੈ, ਇਸ ਪ੍ਰਕਾਰ ਇਹ ਸਾਡਾ ਵਿਸ਼ਵਾਸ ਨਹੀਂ ਬਲਕਿ ਅੰਧ ਵਿਸ਼ਵਾਸ ਕਹਾਏਗਾ। ਇਹ ਪ੍ਰਸ਼ਨ ਕੇਵਲ ਮਨੁੱਖਾ ਜੀਵਨ ਅੰਦਰ ਹੀ ਪੈਦਾ ਹੁੰਦਾ ਹੈ ਅਤੇ ਇਸ ਅੰਦਰ ਹੀ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ। ਸਾਧਵੀ ਜੀ ਨੇ ਕਿਹਾ ਕਿ ਜਿਸ ਨੇ ਇਸ ਪ੍ਰਸ਼ਨ ਨੂੰ ਜਾਣ ਲਿਆ ਉਹ ਨਰ ਤੋਂ ਨਰਾਇਣ ਵੀ ਹੋ ਸਕਦਾ ਹੈ ਅਤੇ ਜਿਸਨੇ ਇਸਨੂੰ ਜਾਣ ਲਿਆ ਉਸਦਾ ਮਨੁੱਖਾ ਜੀਵਨ ਸਮਝੋ ਸਫਲ ਹੋ ਗਿਆ ਅਤੇ ਜਿਸ ਨੇ ਨਹੀਂ ਜਾਣਿਆ ਤਾਂ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਉਹ ਪਸ਼ੂ ਦੇ ਸਮਾਨ ਹੈ। ਸਾਧਵੀ ਜੀ ਨੇ ਕਿਹਾ ਕਿ ਮਨੁੱਖਾ ਤਨ ਪੰਜ ਤੱਤਾਂ ਦਾ ਸਾਕਾਰ ਰੂਪ ਹੈ ਜੋ ਪਰਿਵਰਤਨਸ਼ੀਲ ਹੈ ਪ੍ਰੰਤੂ ਇਸ ਅੰਦਰ ਆਤਮਾ ਵੀ ਹੈ ਜੋ ਨਿਰਾਕਾਰ ਹੈ ਅਤੇ ਜਨਮ ਮਰਨ ਤੋਂ ਰਹਿਤ ਹੈ, ਉਹ ਆਤਮਾ ਉਸ ਨਿਰਾਕਾਰ ਅਕਾਲ ਪੁਰਖ ਦੀ ਅੰਸ਼ ਹੈ। ਉਸ ਅਕਾਲ ਪੁਰਖ ਨੂੰ ਜਾਨਣ ਤੋਂ ਪਹਿਲਾਂ ਉਸਦੀ ਅੰਸ਼ ਆਤਮਾ ਨੂੰ ਜਾਣਨਾ ਪਵੇਗਾ। ਇਹੀ ਕੁਦਰਤ ਦਾ ਸਭ ਤੋਂ ਵੱਡਾ ਭੇਦ ਹੈ, ਜਿਸਨੂੰ ਜਾਨਣ ਲਈ ਪੂਰੇ ਸਤਿਗੁਰ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ। ਉਸ ਪਰਮਾਤਮਾ ਬਾਰੇ ਸੁਣ ਲੈਣਾ ਜਾਂ ਪੜ੍ਹ ਲੈਣਾ ਇਹ ਬੁੱਧੀਮਤਾ ਹੈ ਪਰ ਉਸਨੂੰ ਜਾਨਣ ਲਈ ਦਿਵਯ ਦ੍ਰਿਸ਼ਟੀ ਦੀ ਜ਼ਰੂਰਤ ਹੈ ਜੋ ਪੂਰਨ ਗੁਰੂ ਹੀ ਪ੍ਰਦਾਨ ਕਰ ਸਕਦਾ ਹੈ।
ਸਾਧਵੀ ਜੀ ਨੇ ਕਿਹਾ ਕਿ ਸਾਨੂੰ ਗੱਲਾਂ ਕਰਨ ਵਾਲਾ ਗੁਰੂ ਨਹੀਂ ਬਲਕਿ ਪਰਮਾਤਮਾ ਨੂੰ ਜਾਨਣ ਵਾਲਾ ਗੁਰੂ ਚਾਹੀਦਾ ਹੈ। ਅੱਜ ਸਮਾਜ ਅੰਦਰ ਤਰਾਂ-ਤਰ੍ਹਾਂ ਦੇ ਭਰਮ ਭੁਲੇਖੇ, ਵਹਿਮ ਭਰਮ, ਅੰਧ ਵਿਸ਼ਵਾਸ, ਦੂਈ ਦਵੈਤ, ਜਾਤ-ਪਾਤ ਦੇ ਝਗੜੇ ਅਤੇ ਮਨੁੱਖ ਦੇ ਚਰਿੱਤਰ ਦਾ ਹਰ ਪੱਖ ਤੋਂ ਪਤਨ ਹੋ ਰਿਹਾ ਹੈ। ਅਸੀਂ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਅੱਜ ਵਿਗਿਆਨ ਦਾ ਯੁੱਗ ਹੈ ਅਸੀਂ ਦੁਨੀਆ ਮੁੱਠੀ ਵਿੱਚ ਬੰਦ ਕਰ ਲਈ ਹੈ। ਇਹੀ ਸਾਡਾ ਭਰਮ ਹੈ ਕਿ ਅਸੀਂ ਪਤਾ ਨਹੀਂ ਕਿੰਨਾ ਵੱਡਾ ਮਾਅਰਕਾ ਮਾਰ ਲਿਆ ਹੈ ਪਰ ਸਾਨੂੰ ਇਹ ਨਹੀਂ ਪਤਾ ਕਿ ਦੁਨੀਆ ਅੱਜ ਤੱਕ ਕਿਸੇ ਨੇ ਨਾ ਜਿੱਤੀ ਹੈ ਤੇ ਨਾ ਹੀ ਇਹ ਕਿਸੇ ਦੀ ਹੋਈ ਹੈ। ਦੂਸਰੇ ਪਾਸੇ ਸਾਨੂੰ ਸਾਡੇ ਸਮਾਜਿਕ ਰਿਸ਼ਤਿਆਂ 'ਚ ਕਪਟ, ਧੋਖਾ, ਬੇਈਮਾਨੀ, ਭਰੂਣ ਹੱਤਿਆ ਅਤੇ ਨਸ਼ਿਆਂ ਜਿਹੀ ਬੁਰਾਈ ਦਾ ਜੋ ਕਲੰਕ ਲੱਗਿਆ ਹੋਇਆ ਹੈ ਉਹ ਦਿਖਾਈ ਨਹੀਂ ਦਿੰਦਾ। ਸਾਡੀ ਸੋਚ ਇੱਕ ਤਰਫਾ ਅਤੇ ਸੰਕੀਰਨ ਹੈ। ਇਸਦਾ ਇਹੀ ਕਾਰਨ ਹੈ ਕਿ ਸਾਡੇ ਜੀਵਨ ਅੰਦਰ ਕੋਈ ਤੱਤ ਦਰਸ਼ੀ ਗੁਰੂ ਨਹੀਂ ਆਇਆ। ਜਿਹੜਾ ਸਾਨੂੰ ਸਰਬਤ ਦੇ ਭਲੇ ਦਾ ਪਾਠ ਬੋਲਣਾ ਨਹੀਂ ਬਲਕਿ ਕਰਨਾ ਸਿਖਾਵੇ। ਧਰਮ ਗ੍ਰੰਥਾਂ ਦੇ ਉਪਦੇਸ਼ਾਂ ਅੰਦਰ ਕੋਈ ਕਮੀ ਨਹੀਂ ਹੈ, ਕਮੀ ਹੈ ਤਾਂ ਸਾਡੀ ਵਿਚਾਰ ਸ਼ਕਤੀ ਦੇ ਅੰਦਰ ਹੈ। ਸਾਡੀ ਸੋਚ ਅੰਦਰ ਇੱਕ ਮਹਾਨ ਯੁੱਗ ਪੁਰਸ਼ ਸੰਤ ਵਿਨੋਬਾ ਭਾਵੇ ਨੇ ਬਹੁਤ ਸੁੰਦਰ ਵਿਚਾਰ ਦਿੱਤਾ ਵਿਚਾਰ ਦਾ ਦੀਪਕ ਬੁਝ ਜਾਣ ਨਾਲ ਅਚਾਰ ਅੰਨਾ ਹੋ ਜਾਂਦਾ ਹੈ ਇਸ ਲਈ ਚੰਗੇ ਅਤੇ ਸੁੰਦਰ ਵਿਚਾਰਾਂ ਨੂੰ ਹਮੇਸ਼ਾ ਆਪਣੇ ਅੰਦਰ ਗ੍ਰਹਿਣ ਕਰਦੇ ਰਹੋ ਇਹਨਾਂ ਦੁਆਰਾ ਸਾਡੀ ਸੋਚ ਪਵਿੱਤਰ ਹੋਵੇਗੀ ਜਦੋਂ ਸੋਚ ਪਵਿੱਤਰ ਹੋਵੇਗੀ ਤਾਂ ਸਾਡਾ ਕਰਮ ਵੀ ਪਵਿੱਤਰ ਹੋਵੇਗਾ ਅਤੇ ਪਵਿੱਤਰ ਅਸੀਂ ਤਦ ਹੀ ਹੋ ਪਾਵਾਂਗੇ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲਵਾਂਗੇ। ਆਪਣੇ ਆਪ ਨੂੰ ਜਾਨਣ ਲਈ ਸਾਨੂੰ ਇੱਕ ਪੂਰਨ ਸੰਤ ਦੀ ਸ਼ਰਨ ਵਿੱਚ ਜਾਣਾ ਹੀ ਪਵੇਗਾ ਅਤੇ ਫਿਰ ਹੀ ਅਸੀਂ ਆਪਣੀ ਸੋਚ ਨੂੰ ਬਦਲ ਸਕਦੇ ਹਾਂ ਪਰਮਾਤਮਾ ਦੀ ਭਗਤੀ ਕਰ ਸਕਦੇ ਹਾਂ ਅਤੇ ਆਪਣੇ ਜੀਵਨ ਦੇ ਟੀਚੇ ਨੂੰ ਪੂਰਾ ਕਰ ਸਕਦੇ ਹਾਂ। ਅੰਤ ਵਿੱਚ ਸਾਧਵੀ ਪਲਕ ਭਾਰਤੀ ਜੀ, ਸਾਧਵੀ ਕਰਮਜੀਤ ਭਾਰਤੀ ਜੀ, ਸਾਧਵੀ ਸੁਖਵੀਰ ਭਾਰਤੀ ਜੀ ਨੇ ਸੰਗਤਾਂ ਨੂੰ ਭਜਨਾਂ ਨਾਲ ਨਿਹਾਲ ਕੀਤਾ।