ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2026 ’ਚ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਓਪਨ ਸਕੂਲ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ ਹੈ। ਬੋਰਡ ਅਜਿਹੇ ਵਿਦਿਆਰਥੀਆਂ ਨੂੰ ਆਪਣੀ ਰੀ-ਅਪੀਅਰ, ਕੰਪਾਰਟਮੈਂਟ ਜਾਂ ਸਿਰਫ਼ ਇਕ ਵਿਸ਼ੇ ’ਚ ਪ੍ਰਦਰਸ਼ਨ ਸੁਧਾਰਨ (ਇੰਪਰੂਵਮੈਂਟ) ਲਈ ਜੁਲਾਈ ਅਤੇ ਅਗਸਤ ’ਚ ਹੋਣ ਵਾਲੀਆਂ ਪੂਰਕ (ਸਪਲੀਮੈਂਟਰੀ) ਪ੍ਰੀਖਿਆਵਾਂ ’ਚ ਬੈਠਣ ਦਾ ਸੁਨਹਿਰੀ ਮੌਕਾ ਦੇ ਰਿਹਾ ਹੈ।
ਰੀ-ਅਪੀਅਰ, ਕੰਪਾਰਟਮੈਂਟ ਅਤੇ ਸਿਰਫ਼ ਇਕ ਵਿਸ਼ੇ ਦੀ ਇੰਪਰੂਵਮੈਂਟ ਪ੍ਰੀਖਿਆ ਓਪਨ ਸਕੂਲ (ਬਲਾਕ-2) ਦੀਆਂ ਜੁਲਾਈ ਅਤੇ ਅਗਸਤ ਦੀਆਂ ਮੁੱਖ ਪ੍ਰੀਖਿਆਵਾਂ ਦੇ ਨਾਲ ਹੀ ਕਰਵਾਈ ਜਾਵੇਗੀ। ਜੋ ਵਿਦਿਆਰਥੀ ਇਕ ਤੋਂ ਵੱਧ ਵਿਸ਼ਿਆਂ ’ਚ ਆਪਣਾ ਪ੍ਰਦਰਸ਼ਨ ਸੁਧਾਰਨਾ ਚਾਹੁੰਦੇ ਹਨ, ਉਹ ਇਸ ਪ੍ਰੀਖਿਆ ’ਚ ਸ਼ਾਮਲ ਨਹੀਂ ਹੋ ਸਕਣਗੇ।
ਅਜਿਹੇ ਵਿਦਿਆਰਥੀਆਂ ਨੂੰ ਇਹ ਸਹੂਲਤ ਮਾਰਚ 2027 ’ਚ ਹੋਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਦੌਰਾਨ ਹੀ ਦਿੱਤੀ ਜਾਵੇਗੀ। ਇਸ ਪ੍ਰੀਖਿਆ ਨਾਲ ਸਬੰਧਿਤ ਅਰਜ਼ੀ ਪ੍ਰਕਿਰਿਆ, ਫ਼ੀਸ ਅਤੇ ਹੋਰ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਹੈ।