ਜਲੰਧਰ : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਤੇ ਦਿਨੀਂ ਕੀਤੇ ਗਏ ਤਬਾਦਲਿਆਂ ਤੋਂ ਬਾਅਦ ਸਬ-ਰਜਿਸਟਰਾਰ ਜਲੰਧਰ-1 ਦਫ਼ਤਰ ਵਿਚ ਨਵ-ਨਿਯੁਕਤ ਜੁਆਇੰਟ ਸਬ-ਰਜਿਸਟਰਾਰ-1 ਲਵਪ੍ਰੀਤ ਸਿੰਘ ਨੇ ਬੀਤੇ ਦਿਨ ਆਪਣਾ ਕਾਰਜਭਾਰ ਸੰਭਾਲ ਲਿਆ। ਹਾਲਾਂਕਿ ਉਨ੍ਹਾਂ ਦੀ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦੀ ਆਈ. ਡੀ. ਨਾ ਬਣ ਸਕਣ ਕਾਰਨ ਰਜਿਸਟਰੀਆਂ ਦਾ ਕੰਮ ਦੁਪਹਿਰ 12.30 ਵਜੇ ਤੱਕ ਪ੍ਰਭਾਵਿਤ ਰਿਹਾ। ਆਈ. ਡੀ. ਬਣਨ ਦੇ ਬਾਅਦ ਹੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਸਕੀ, ਜਿਸ ਕਾਰਨ ਦਫ਼ਤਰ ਵਿਚ ਆਪਣੇ ਕੰਮ ਲਈ ਪਹੁੰਚੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੰਮ ਸ਼ੁਰੂ ਹੋਣ ਤੋਂ ਬਾਅਦ ਜੁਆਇੰਟ ਸਬ-ਰਜਿਸਟਰਾਰ ਅਤੇ ਦਫ਼ਤਰ ਦੇ ਸਟਾਫ਼ ਨੇ ਤੇਜ਼ੀ ਵਿਖਾਉਂਦਿਆਂ ਬਕਾਇਆ ਅਰਜ਼ੀਆਂ ਦਾ ਨਿਪਟਾਰਾ ਕੀਤਾ।
ਉਥੇ ਹੀ ਕਾਰਜਭਾਰ ਸੰਭਾਲਦੇ ਹੀ ਲਵਪ੍ਰੀਤ ਸਿੰਘ ਨੇ ਅਰਜ਼ੀਨਵੀਸਾਂ ਅਤੇ ਵਕੀਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਐੱਨ. ਓ. ਸੀ. ਤੋਂ ਬਿਨਾਂ ਕਿਸੇ ਵੀ ਰਜਿਸਟਰੀ ਦਸਤਾਵੇਜ਼ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਾਪਰਟੀ ਦੇ ਪੁਰਾਣੇ ਰਕਬੇ ਨੂੰ ਕੱਟ ਕੇ ਜਾਂ ਵੰਡ ਕੇ ਰਜਿਸਟਰੀ ਕਰਵਾਉਣ ਦੀ ਇਜਾਜ਼ਤ ਵੀ ਨਹੀਂ ਹੋਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਾਲ 1993 ਤੋਂ ਪਹਿਲਾਂ ਦੀ ਪ੍ਰਾਪਰਟੀ ਦੀ ਰਜਿਸਟਰੀ ਨਾਲ ਲਾਉਣ 'ਤੇ ਐੱਨ. ਓ. ਸੀ. ਹੋਣ ਦੀ ਲਾਜ਼ਮੀ ਸ਼ਰਤ ਨਹੀਂ ਹੋਵੇਗੀ। ਉਨ੍ਹਾਂ ਅਰਜ਼ੀਨਵੀਸਾਂ ਅਤੇ ਵਕੀਲਾਂ ਨੂੰ ਹਦਾਇਤ ਦਿੱਤੀ ਕਿ ਕਿਸੇ ਵੀ ਮਾਲ ਦਸਤਾਵੇਜ਼ ਦੀ ਮੁੱਢਲੀ ਆਨਲਾਈਨ ਮਨਜ਼ੂਰੀ ਲਈ ਅਪਲਾਈ ਕਰਦੇ ਸਮੇਂ ਸਾਰੇ ਜ਼ਰੂਰੀ ਅਤੇ ਸਹੀ ਦਸਤਾਵੇਜ਼ ਅਪਲੋਡ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਵਾਰ-ਵਾਰ ਅਧੂਰੇ ਦਸਤਾਵੇਜ਼ ਅਪਲੋਡ ਕਰਨ ਵਾਲਿਆਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।