ਅਲਾਵਲਪੁਰ/ਕਿਸ਼ਨਗੜ੍ਹ : ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਿਸ਼ਨਗੜ੍ਹ ਨੇੜੇ ਪੌਦਿਆਂ ਦੀ ਨਰਸਰੀ ਕੋਲ ਅੱਜ ਸਵੇਰੇ ਤੜਕੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਲੋਕਾਂ ਦੀ ਮੌਤ, ਜਦੋਂ ਕਿ ਪੰਜ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਟੀਮ ਦੇ ਇੰਚਾਰਜ ਰਣਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਜਲੰਧਰ ਦੇ ਹਸਪਤਾਲ ਪਹੁੰਚਾਇਆ ਗਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਆਦਮਪੁਰ ਦੇ ਐੱਸ. ਐੱਚ. ਓ., ਪੁਲਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਰਵਿੰਦਰ ਸਿੰਘ ਅਤੇ ਡੀ. ਐੱਸ. ਪੀ. ਆਦਮਪੁਰ ਦਿਹਾਤੀ ਰਜੀਵ ਕੁਮਾਰ ਵੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਰੁਪਿੰਦਰ ਸਿੰਘ (ਫ਼ੌਜੀ) ਪੁੱਤਰ ਸੁਰਿੰਦਰ ਸਿੰਘ, ਹਰਪ੍ਰੀਤ ਕੌਰ ਪਤਨੀ ਰੁਪਿੰਦਰ ਸਿੰਘ, ਡੇਢ ਸਾਲਾ ਅਰਸ਼ਪ੍ਰੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਅਤੇ ਸੰਤੋਸ਼ ਕੌਰ (ਰੁਪਿੰਦਰ ਸਿੰਘ ਦੀ ਮਾਤਾ), ਵਾਸੀ ਹਿੰਮਤਪੁਰ, ਹੁਸ਼ਿਆਰਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਪਰਿਵਾਰ ਹਿੰਮਤਪੁਰ (ਹੁਸ਼ਿਆਰਪੁਰ) ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਸੀ ਪਰ ਕਿਸ਼ਨਗੜ੍ਹ ਨੇੜੇ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਦੂਜੀ ਕਾਰ 'ਚ ਸਵਾਰ ਜ਼ਖ਼ਮੀਆਂ ਦੀ ਪਛਾਣ ਅਲੀਨਾ ਖਾਨ, ਅਬਦੁਲ ਸ਼ਾਹਿਦ ਖਾਨ, ਪ੍ਰਵੀਨ ਖਾਨ, ਅਬਦੁਲ ਫ਼ੈਜ਼ਲ ਖਾਨ ਅਤੇ ਮਿਨਾਲ ਖਾਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਬਰੇਲੀ ਤੋਂ ਜੰਮੂ-ਕਸ਼ਮੀਰ ਵੱਲ ਜਾ ਰਹੇ ਸਨ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।