ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ 18 ਫਰਵਰੀ ਤੋਂ ਦੋ ਰੋਜ਼ਾ ਦੌਰੇ ’ਤੇ ਅਸਾਮ ਵਿੱਚ ਹੋਣਗੇ। ਇਕ ਸੂਬਾਈ ਆਗੂ ਨੇ ਦੱਸਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਕਈ ਅਹਿਮ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਤੋਂ ਇਲਾਵਾ ਅਸਾਮ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਸਕ੍ਰੀਨਿੰਗ ਕਮੇਟੀ ਦੇ ਚੇਅਰਪਰਸਨ ਵੀ ਹਨ। ਅਸਾਮ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਬਿਪੁਲ ਗੋਗੋਈ ਅਨੁਸਾਰ, ਪ੍ਰਿਯੰਕਾ ਗਾਂਧੀ ਇਨ੍ਹਾਂ ਦੋ ਦਿਨਾਂ ਦੌਰਾਨ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨਗੇ। ਉਹ ਸਿਆਸੀ ਮਾਮਲਿਆਂ ਬਾਰੇ ਕਮੇਟੀ, ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਵਿਧਾਇਕ ਦਲ ਦੇ ਨੇਤਾ, ਕਾਰਜਕਾਰੀ ਪ੍ਰਧਾਨਾਂ, ਸੰਸਦ ਮੈਂਬਰਾਂ ਅਤੇ ਬੂਥ ਕਮੇਟੀ ਦੇ ਮੁਖੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਨਗੇ।