ਨਵੀਂ ਦਿੱਲੀ : ਪੁਰਾਣੀ ਦਿੱਲੀ ਦੇ ਚਾਵੜੀ ਬਾਜ਼ਾਰ ਵਿਚ ਵੀਰਵਾਰ ਨੂੰ ਉਸਾਰੀ ਅਧੀਨ ਇਮਾਰਤ ਦੇ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਇਸ ਘਟਨਾ ਦੌਰਾਨ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਦਿੱਲੀ ਫਾਇਰ ਸਰਵਿਸ ਦੇ ਅਨੁਸਾਰ, ਗਲੀ ਸ਼ਾਹਤਾਰਾ ਦੇ ਸ਼ੀਸ਼ ਮਹਿਲ ਵਿੱਚ ਇਮਾਰਤ ਢਹਿ-ਢੇਰੀ ਹੋਣ ਦੀ ਸੂਚਨਾ ਸਵੇਰੇ ਲਗਭਗ 9:50 ਵਜੇ ਇੱਕ ਕਾਲ ਰਾਹੀਂ ਮਿਲੀ। ਇਹ ਜਗ੍ਹਾ ਚਾਵੜੀ ਬਾਜ਼ਾਰ ਮੈਟਰੋ ਸਟੇਸ਼ਨ ਦੇ ਸਾਹਮਣੇ ਸਥਿਤ ਹੈ। ਪੁਲਸ ਦੇ ਅਨੁਸਾਰ, ਘਟਨਾ ਦੌਰਾਨ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਤੱਕ ਨਹੀਂ ਹੋਈ। ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਡੀਐਫਐਸ ਟੀਮ ਨੇ ਮਲਬੇ ਤੋਂ ਦੋ ਲੋਕਾਂ ਨੂੰ ਮ੍ਰਿਤਕ ਹਾਲਤ ਵਿਚ ਬਾਹਰ ਕੱਢਿਆ ਹੈ। ਡੀਐਫਐਸ ਟੀਮ ਦੇ ਪਹੁੰਚਣ ਤੋਂ ਪਹਿਲਾਂ, ਸਥਾਨਕ ਲੋਕਾਂ ਨੇ ਮਲਬੇ ਤੋਂ ਚਾਰ ਹੋਰ ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀ ਨੇ ਕਿਹਾ ਕਿ ਕਈ ਫਾਇਰ ਬ੍ਰਿਗੇਡ ਯੂਨਿਟ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਚਾਅ ਕਾਰਜ ਚਲਾ ਰਹੇ ਹਨ।