ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਵਸਨੀਕਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਅਤੇ ਆਪਣੀ ਤੇ ਪਰਿਵਾਰ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਖੁਸ਼ੀਆਂ, ਰੌਸ਼ਨੀ ਅਤੇ ਆਪਸੀ ਭਾਈਚਾਰੇ ਦਾ ਤਿਉਹਾਰ ਹੈ, ਇਸ ਲਈ ਇਸ ਨੂੰ ਪ੍ਰਦੂਸ਼ਣ ਰਹਿਤ ਅਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ।
ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਪਟਾਕਿਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ, ਦਮਾ, ਖੰਘ, ਗਲੇ ਦੀ ਸੋਜ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪਟਾਕਿਆਂ ਦੀ ਉੱਚੀ ਆਵਾਜ਼ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਦਿਲ ਦੇ ਮਰੀਜ਼ਾਂ ਅਤੇ ਬਿਮਾਰ ਵਿਅਕਤੀਆਂ ਲਈ ਵੀ ਨੁਕਸਾਨਦੇਹ ਹੋ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਪਟਾਕੇ ਚਲਾਉਣ ਤੋਂ ਗੁਰੇਜ਼ ਕਰਕੇ ਦੀਵੇ ਜਗਾਏ ਜਾਣ, ਮਠਿਆਈਆਂ ਵੰਡੀਆਂ ਜਾਣ ਅਤੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ। ਇਸ ਮੌਕੇ ਇੱਕ ਪੌਦਾ ਲਗਾ ਕੇ ਵੀ ਵਾਤਾਵਰਨ ਦੀ ਰਾਖੀ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪਟਾਕੇ ਚਲਾਉਂਦਾ ਹੈ ਤਾਂ ਉਸ ਨੂੰ ਸੁਰੱਖਿਆ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਡਾ. ਸਿੰਘ ਨੇ ਦੱਸਿਆ ਕਿ ਜੇਕਰ ਪਟਾਕਿਆਂ ਕਾਰਨ ਅੱਖਾਂ ਵਿੱਚ ਸੱਟ ਲੱਗ ਜਾਵੇ ਤਾਂ ਅੱਖਾਂ ਨੂੰ ਮਲਣਾ ਜਾਂ ਖ਼ੁਦ ਕੋਈ ਦਵਾਈ ਪਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਅੱਖਾਂ ਦੇ ਮਾਹਿਰ ਡਾਕਟਰ ਕੋਲ ਪਹੁੰਚਣਾ ਚਾਹੀਦਾ ਹੈ। ਇਸੇ ਤਰ੍ਹਾਂ ਸਰੀਰ ਦੇ ਕਿਸੇ ਹਿੱਸੇ 'ਤੇ ਸੜਨ ਦੀ ਸੱਟ ਲੱਗਣ 'ਤੇ ਪ੍ਰਭਾਵਿਤ ਹਿੱਸੇ ਨੂੰ ਸਾਫ਼ ਠੰਢੇ ਵਗਦੇ ਪਾਣੀ ਹੇਠ ਲਗਭਗ 20 ਮਿੰਟ ਰੱਖਣਾ ਚਾਹੀਦਾ ਹੈ। ਸੜੀ ਹੋਈ ਥਾਂ 'ਤੇ ਘਿਓ, ਤੇਲ ਜਾਂ ਟੂਥਪੇਸਟ ਬਿਲਕੁਲ ਨਹੀਂ ਲਗਾਉਣਾ ਚਾਹੀਦਾ ਅਤੇ ਲੋੜ ਪੈਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਐਮਰਜੈਂਸੀ ਦੀ ਸੂਰਤ ਵਿੱਚ ਐਂਬੂਲੈਂਸ ਲਈ ਹੈਲਪਲਾਈਨ ਨੰਬਰ 108 ਜਾਂ 112 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਦਮਾ, ਸੀ.ਓ.ਪੀ.ਡੀ. ਅਤੇ ਦਿਲ ਦੇ ਮਰੀਜ਼ ਦੀਵਾਲੀ ਦੀ ਰਾਤ ਧੂੰਏਂ ਵਾਲੇ ਇਲਾਕਿਆਂ ਤੋਂ ਦੂਰ ਰਹਿਣ, ਘਰ ਦੇ ਦਰਵਾਜ਼ੇ-ਖਿੜਕੀਆਂ ਬੰਦ ਰੱਖਣ, ਆਪਣੀਆਂ ਦਵਾਈਆਂ ਤੇ ਇਨਹੇਲਰ ਹਮੇਸ਼ਾ ਕੋਲ ਰੱਖਣ ਅਤੇ ਸਾਹ ਵਿੱਚ ਤਕਲੀਫ਼ ਹੋਣ 'ਤੇ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰਨ। ਬਾਹਰ ਨਿਕਲਣ ਦੀ ਲੋੜ ਪੈਣ 'ਤੇ ਮਾਸਕ ਦੀ ਵਰਤੋਂ ਕੀਤੀ ਜਾਵੇ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਬਾਰੇ ਗੱਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਇਸ ਸਮੇਂ ਮਠਿਆਈਆਂ ਅਤੇ ਹੋਰ ਖਾਧ ਪਦਾਰਥਾਂ ਦੀ ਮੰਗ ਵਧ ਜਾਂਦੀ ਹੈ, ਜਿਸ ਕਾਰਨ ਕੁਝ ਗੈਰ-ਜ਼ਿੰਮੇਵਾਰ ਦੁਕਾਨਦਾਰ ਮੁਨਾਫ਼ਾ ਕਮਾਉਣ ਲਈ ਮਿਲਾਵਟ ਦਾ ਸਹਾਰਾ ਲੈਂਦੇ ਹਨ। ਮਿਲਾਵਟੀ ਅਤੇ ਗੈਰ-ਮਿਆਰੀ ਖਾਧ ਪਦਾਰਥ ਫੂਡ ਪੁਆਇਜ਼ਨਿੰਗ, ਪੇਟ ਦੀਆਂ ਬਿਮਾਰੀਆਂ ਅਤੇ ਹੋਰ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਖਾਧ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਮਠਿਆਈਆਂ ਤਿਆਰ ਕਰਨ ਅਤੇ ਵੇਚਣ ਸਮੇਂ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ, ਖਾਧ ਪਦਾਰਥਾਂ ਨੂੰ ਢੱਕ ਕੇ ਰੱਖਿਆ ਜਾਵੇ, ਕੇਵਲ ਮਿਆਰੀ ਸਮੱਗਰੀ ਦੀ ਵਰਤੋਂ ਕੀਤੀ ਜਾਵੇ, ਫੂਡ ਸੇਫਟੀ ਲਾਇਸੰਸ ਜਾਂ ਰਜਿਸਟ੍ਰੇਸ਼ਨ ਦੁਕਾਨ 'ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇ ਅਤੇ ਕਾਮਿਆਂ ਦੀ ਨਿੱਜੀ ਸਫ਼ਾਈ ਤੇ ਸਿਹਤ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮਠਿਆਈਆਂ ਅਤੇ ਹੋਰ ਖਾਧ ਪਦਾਰਥ ਹਮੇਸ਼ਾ ਭਰੋਸੇਯੋਗ ਦੁਕਾਨਾਂ ਤੋਂ ਹੀ ਖਰੀਦੇ ਜਾਣ ਅਤੇ ਪੱਕਾ ਬਿੱਲ ਜ਼ਰੂਰ ਲਿਆ ਜਾਵੇ। ਖੁੱਲ੍ਹੇ ਵਿੱਚ ਰੱਖੀਆਂ, ਬਦਬੂ ਵਾਲੀਆਂ, ਗੈਰ-ਕੁਦਰਤੀ ਗੂੜ੍ਹੇ ਜਾਂ ਚਮਕੀਲੇ ਰੰਗ ਵਾਲੀਆਂ ਜਾਂ ਸ਼ੱਕੀ ਗੁਣਵੱਤਾ ਵਾਲੀਆਂ ਮਠਿਆਈਆਂ ਖਰੀਦਣ ਤੋਂ ਗੁਰੇਜ਼ ਕੀਤਾ ਜਾਵੇ। ਖੋਆ ਅਤੇ ਪਨੀਰ ਤੋਂ ਬਣੀਆਂ ਚੀਜ਼ਾਂ ਸਮੇਂ ਸਿਰ ਵਰਤੋਂ ਵਿੱਚ ਲਿਆਂਦੀਆਂ ਜਾਣ। ਜਿੱਥੋਂ ਤੱਕ ਸੰਭਵ ਹੋਵੇ, ਘਰ ਵਿੱਚ ਸਾਫ਼-ਸੁਥਰੇ ਢੰਗ ਨਾਲ ਤਿਆਰ ਕੀਤੀਆਂ ਮਠਿਆਈਆਂ ਨੂੰ ਤਰਜੀਹ ਦਿੱਤੀ ਜਾਵੇ। ਕਿਸੇ ਵੀ ਦੁਕਾਨ 'ਤੇ ਮਿਲਾਵਟ ਜਾਂ ਗੰਦਗੀ ਦਿਖਾਈ ਦੇਣ 'ਤੇ ਫੂਡ ਸੇਫਟੀ ਵਿੰਗ ਨੂੰ ਸੂਚਿਤ ਕੀਤਾ ਜਾਵੇ।
ਅੰਤ ਵਿੱਚ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤਮੰਦ, ਸੁਰੱਖਿਅਤ ਅਤੇ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਵਿੱਚ ਆਪਣਾ ਯੋਗਦਾਨ ਪਾਉਣ।