ਪਟਨਾ : ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂਨਾਈਟਿਡ (ਜਦ-ਯੂ) ਪ੍ਰਮੁੱਖ ਨਿਤੀਸ਼ ਕੁਮਾਰ ਦੇ ਰਾਜ ਸਭਾ ਜਾਣ ਦੇ ਫੈਸਲੇ ਤੋਂ ਬਾਅਦ ਪਾਰਟੀ ਦੇ ਅੰਦਰ ਬੇਚੈਨੀ ਅਤੇ ਅਸੰਤੋਸ਼ ਦੇ ਸੁਰ ਉੱਭਰਨ ਲੱਗੇ ਹਨ। ਕਈ ਵਰਕਰਾਂ ਨੇ ਉਨ੍ਹਾਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਕ ਵਰਕਰ ਨੇ ਕਿਹਾ,''ਮੈਨੂੰ ਕਿਸੇ ਸਾਜ਼ਿਸ਼ ਦੀ ਜਾਣਕਾਰੀ ਨਹੀਂ ਹੈ ਜਿਸ ਕਾਰਨ ਇੰਨਾ ਵੱਡਾ ਫੈਸਲਾ ਲਿਆ ਗਿਆ ਹੋਵੇ ਪਰ ਮੈਂ ਇੱਥੇ ਆਪਣੇ ਨੇਤਾ ਦੇ ਬਿਹਾਰ ਛੱਡਣ ਦੇ ਫੈਸਲੇ ’ਤੇ ਆਪਣਾ ਦਰਦ ਪ੍ਰਗਟ ਕਰਨ ਆਇਆ ਹਾਂ। ਸਾਨੂੰ ਅਨਾਥ ਵਰਗਾ ਮਹਿਸੂਸ ਹੋ ਰਿਹਾ ਹੈ। ਸੂਬਾ ਉਨ੍ਹਾਂ ਦਾ ਕਰਜ਼ਦਾਰ ਹੈ ਅਤੇ ਉਨ੍ਹਾਂ ਨੂੰ ਸਾਨੂੰ ਇਸ ਤਰ੍ਹਾਂ ਅੱਧ-ਵਿਚਾਲੇ ਨਹੀਂ ਛੱਡਣਾ ਚਾਹੀਦਾ।''
ਜਦ-ਯੂ ਦੇ ਬੁਲਾਰੇ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਨੀਰਜ ਕੁਮਾਰ ਨੇ ਪਾਰਟੀ ’ਚ ਚੱਲ ਰਹੀ ਹਲਚਲ ’ਤੇ ਕਿਹਾ,'' ਵਰਕਰਾਂ ਦਾ ਦੁਖੀ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਆਪਣੇ ਦਰਦ ’ਚ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਨਿਤੀਸ਼ ਕੁਮਾਰ ਅਜਿਹੇ ਨੇਤਾ ਹਨ ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੇ ਦਬਾਅ ’ਚ ਫੈਸਲਾ ਲੈਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਹਾਲਾਂਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੂੰ ਵਰਕਰਾਂ ਦੀ ਨਾਰਾਜ਼ਗੀ ਨੂੰ ਸ਼ਾਂਤ ਕਰਨਾ ਚਾਹੀਦਾ ਹੈ।''