ਨਵੀਂ ਦਿੱਲੀ : ਚੀਨੀ ਬਲੌਗਰਾਂ ਅਤੇ ਲਾਈਵਸਟ੍ਰੀਮ ਕਰਨ ਵਾਲਿਆਂ ਦੇ ਇਕ ਸਮੂਹ ’ਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਪੱਛੜੇ ਇਲਾਕਿਆਂ ਵਿਚ ਵੀਡੀਓ ਬਣਾ ਕੇ ਉਨ੍ਹਾਂ ਨੂੰ ਨਵੀਂ ਦਿੱਲੀ ਦਾ ਦੱਸਣ ਅਤੇ ਕਥਿਤ ਤੌਰ ’ਤੇ ਯੋਜਨਾਬੱਧ ਭਾਰਤ-ਵਿਰੋਧੀ ਮੁਹਿੰਮ ਚਲਾਉਣ ਦਾ ਦੋਸ਼ ਹੈ।
ਸੂਤਰਾਂ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਗ਼ਰੀਬੀ ਨੂੰ ਦਿਖਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਸ ਵਿਚ ਜਾਣਬੁੱਝ ਕੇ ਦੂਜੇ ਦੇਸ਼ ਦੇ ਸਥਾਨਾਂ ਅਤੇ ਉਥੋਂ ਦੀਆਂ ਜੀਵਨ ਹਾਲਤਾਂ ਨੂੰ ਭਾਰਤ ਦਾ ਦੱਸ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਅੰਤਰਰਾਸ਼ਟਰੀ ਦਰਸ਼ਕਾਂ ਵਿਚਕਾਰ ਭਾਰਤੀ ਸਮਾਜ ਨੂੰ ਲੈ ਕੇ ਧਾਰਨਾ ਪ੍ਰਭਾਵਿਤ ਹੋ ਸਕਦੀ ਹੈ। ਸੂਤਰਾਂ ਅਨੁਸਾਰ ਉਪਲਬਧ ਰਿਪੋਰਟਾਂ ਸਪੱਸ਼ਟ ਰੂਪ ਵਿਚ ਇਕ ਯੋਜਨਾਬੱਧ ਭਾਰਤ-ਵਿਰੋਧੀ ਮੁਹਿੰਮ ਵੱਲ ਇਸ਼ਾਰਾ ਕਰਦੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਹਾਲੀਆ ਰਿਪੋਰਟਾਂ ਅਨੁਸਾਰ ਚੀਨੀ ਬਲੌਗਰਾਂ ਅਤੇ ਲਾਈਵਸਟ੍ਰੀਮ ਕਰਨ ਵਾਲਿਆਂ ਦਾ ਇਹ ਸਮੂਹ ਬੰਗਲਾਦੇਸ਼ ਦੇ ਢਾਕਾ ਦੇ ਪੱਛੜੇ ਇਲਾਕਿਆਂ ਵਿਚ ਵੀਡੀਓ ਬਣਾ ਰਿਹਾ ਹੈ ਅਤੇ ਇਨ੍ਹਾਂ ਸਥਾਨਾਂ ਨੂੰ ਗ਼ਲਤ ਤਰੀਕੇ ਨਾਲ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦਾ ਹਿੱਸਾ ਦੱਸ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਹਨ ਕਿ ਕਰੀਬ 150 ਚੀਨੀ ਨਾਗਰਿਕ ਢਾਕਾ ਦੇ ਟੇਕਪਾੜਾ ਅਤੇ ਉੱਤਰਾ ਇਲਾਕਿਆਂ ਵਿਚ ਵੀਡੀਓ ਬਣਾਉਣ ਅਤੇ ਲਾਈਵ ਪ੍ਰਸਾਰਨ ਕਰਨ ਵਿਚ ਸ਼ਾਮਲ ਰਹੇ ਹਨ।