ਨਵੀਂ ਦਿੱਲੀ : ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ 'ਚ ਭਾਰਤੀ ਖਪਤਕਾਰ ਬਾਜ਼ਾਰ 'ਚ ਫੈਲੀ ਗੁੰਮਰਾਹਕੁੰਨ ਬ੍ਰਾਂਡਿੰਗ ਤੇ ਝੂਠੇ ਇਸ਼ਤਿਹਾਰਾਂ ਦਾ ਮੁੱਦਾ ਬਹੁਤ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਉਨ੍ਹਾਂ ਨੇ ਵੱਡੀਆਂ ਫੂਡ ਕੰਪਨੀਆਂ ਵੱਲੋਂ ਫਰੂਟ ਜੂਸ ਦੇ ਨਾਂ 'ਤੇ ਵੇਚੇ ਜਾ ਰਹੇ ਉਤਪਾਦਾਂ ਦੀ ਅਸਲੀਅਤ ਨੂੰ ਜਨਤਕ ਕੀਤਾ।
ਤਾਜ਼ੇ ਫਲ ਜਾਂ ਸਿਰਫ਼ 'ਖੰਡ ਵਾਲਾ ਪਾਣੀ'?
ਚੱਢਾ ਨੇ ਦੱਸਿਆ ਕਿ ਵੱਡੀਆਂ ਫੂਡ ਕੰਪਨੀਆਂ ਜੂਸ ਦੇ ਡੱਬਿਆਂ ਦੇ ਅਗਲੇ ਹਿੱਸੇ 'ਤੇ ਤਾਜ਼ੇ ਫਲਾਂ ਦੀਆਂ ਚਮਕਦਾਰ ਤਸਵੀਰਾਂ ਲਗਾਉਂਦੀਆਂ ਹਨ, ਪਰ ਅਸਲ ਵਿੱਚ ਉਹ ਸਿਰਫ਼ 'ਖੰਡ ਵਾਲਾ ਪਾਣੀ' (sugar water) ਵੇਚ ਰਹੀਆਂ ਹਨ। ਪੈਕਟ ਦੇ ਪਿਛਲੇ ਪਾਸੇ ਬਹੁਤ ਹੀ ਛੋਟੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ ਕਿ 'ਇਹ ਤਸਵੀਰਾਂ ਸਿਰਫ਼ ਮਾਰਕੀਟਿੰਗ ਦੇ ਮਕਸਦ ਲਈ ਹਨ', ਜੋ ਕਿ ਖਪਤਕਾਰਾਂ ਨਾਲ ਸਿੱਧਾ ਧੋਖਾ ਹੈ।
ਸਿਹਤ 'ਤੇ ਪੈ ਰਿਹਾ ਮਾੜਾ ਅਸਰ
ਉਨ੍ਹਾਂ ਚਿੰਤਾ ਪ੍ਰਗਟਾਈ ਕਿ ਦੇਸ਼ ਦੇ ਨੌਜਵਾਨ ਅਤੇ ਬੱਚੇ ਇਨ੍ਹਾਂ ਡਰਿੰਕਸ ਨੂੰ ਪੌਸ਼ਟਿਕ ਅਤੇ ਸਿਹਤਮੰਦ ਸਮਝ ਕੇ ਪੀ ਰਹੇ ਹਨ,। ਇਸ ਕਾਰਨ ਦੇਸ਼ ਵਿੱਚ ਕਰੋੜਾਂ ਲੋਕ ਸ਼ੂਗਰ (ਡਾਇਬੀਟੀਜ਼), ਮੋਟਾਪਾ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ
ਰਾਘਵ ਚੱਢਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਗੁੰਮਰਾਹਕੁੰਨ ਤਸਵੀਰਾਂ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਚੀਨੀ ਦੀ ਵੱਧ ਮਾਤਰਾ ਬਾਰੇ ਜਾਣਕਾਰੀ (Sugar Disclosure) ਪੈਕੇਟ ਦੇ ਅਗਲੇ ਹਿੱਸੇ 'ਤੇ ਲਿਖਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦ ਦੀ ਸ਼੍ਰੇਣੀ ਬਾਰੇ ਪੂਰੀ ਸਪੱਸ਼ਟਤਾ ਦੀ ਮੰਗ ਕੀਤੀ ਕਿ ਕੀ ਉਹ ਅਸਲ ਫਰੂਟ ਜੂਸ ਹੈ ਜਾਂ ਸਿਰਫ਼ ਪ੍ਰੀਜ਼ਰਵੇਟਿਵ ਵਾਲਾ 'ਸ਼ੂਗਰ ਕੰਸੈਂਟਰੇਟ' ਡਰਿੰਕ।