ਭਾਰਤ ਤੇ ਜਾਪਾਨ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਾਪਾਨ ਪਹੁੰਚੇ ਹੋਏ ਹਨ। ਇਸ ਦੌਰਾਨ ਭਾਰਤ ਅਤੇ ਜਾਪਾਨ ਵਿਚਾਲੇ ਵਧਦੇ ਸਮੁੰਦਰੀ ਅਤੇ ਰੱਖਿਆ ਸਹਿਯੋਗ ਦੀ ਮਿਸਾਲ ਪੇਸ਼ ਕਰਦਿਆਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੂਮੀ ਨਾਲ ਜਾਪਾਨ ਮੈਰੀਟਾਈਮ ਸੈਲਫ-ਡਿਫੈਂਸ ਫੋਰਸ ਦੇ ਯੋਕੋਸੁਕਾ ਨੇਵਲ ਬੇਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਾਪਾਨ ਦੇ ਐਡਵਾਂਸਡ 'ਮੋਗਾਮੀ-ਕਲਾਸ' ਮਲਟੀ-ਮਿਸ਼ਨ ਫਲੀਟ 'ਜੇ.ਐੱਸ. ਨਾਟੋਰੀ' ਦਾ ਵੀ ਨਿਰੀਖਣ ਕੀਤਾ।
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਸ ਦੌਰੇ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦਾ ਵਧਦਾ ਸਮੁੰਦਰੀ ਸਹਿਯੋਗ ਇੱਕ ਆਜ਼ਾਦ, ਖੁੱਲ੍ਹੇ ਅਤੇ ਨਿਯਮ-ਆਧਾਰਿਤ ਇੰਡੋ-ਪੈਸੀਫਿਕ ਖੇਤਰ ਪ੍ਰਤੀ ਦੋਵਾਂ ਦੇਸ਼ਾਂ ਦੇ ਡੂੰਘੇ ਵਿਸ਼ਵਾਸ ਅਤੇ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਜਾਪਾਨੀ ਰੱਖਿਆ ਮੰਤਰੀ ਦੀ ਮਹਿਮਾਨਨਿਵਾਜ਼ੀ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਟੋਕੀਓ ਸਥਿਤ ਜਾਪਾਨ ਦੇ ਰੱਖਿਆ ਮੰਤਰਾਲੇ ਪਹੁੰਚਣ 'ਤੇ ਰਾਜਨਾਥ ਸਿੰਘ ਨੂੰ ਰਸਮੀ 'ਗਾਰਡ ਆਫ਼ ਆਨਰ' ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਚੌਥੀ ਭਾਰਤ-ਜਾਪਾਨ 2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਬੈਠਕ ਵਿੱਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਟੋਕੀਓ ਪਹੁੰਚੇ ਸਨ, ਜਿੱਥੇ ਜਾਪਾਨ ਵਿੱਚ ਭਾਰਤੀ ਰਾਜਦੂਤ ਨਗਮਾ ਮਲਿਕ ਅਤੇ ਡਿਪਟੀ ਚੀਫ਼ ਆਫ਼ ਮਿਸ਼ਨ ਮਧੂ ਸੂਦਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੋਵੇਂ ਭਾਰਤੀ ਮੰਤਰੀ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੂਮੀ ਅਤੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੇਗੀ ਨਾਲ ਇਸ ਅਹਿਮ ਗੱਲਬਾਤ ਦੀ ਪ੍ਰਧਾਨਗੀ ਕਰਨਗੇ।
ਸਾਲ 2026 'ਚ ਰਾਜਨਾਥ ਸਿੰਘ ਅਤੇ ਕੋਇਜ਼ੂਮੀ ਵਿਚਾਲੇ ਇਹ ਤੀਜੀ ਮੁਲਾਕਾਤ ਹੈ। ਰੱਖਿਆ ਮੰਤਰਾਲੇ ਅਨੁਸਾਰ, ਦੋਵੇਂ ਧਿਰਾਂ ਰੱਖਿਆ ਟੈਕਨਾਲੋਜੀ ਤੇ ਉਪਕਰਨਾਂ ਦੇ ਸਹਿਯੋਗ, ਸਮੁੰਦਰੀ ਸੁਰੱਖਿਆ, ਤਿੰਨਾਂ ਫ਼ੌਜਾਂ ਦੇ ਸਾਂਝੇ ਅਭਿਆਸਾਂ ਦਾ ਦਾਇਰਾ ਵਧਾਉਣ ਅਤੇ ਰੱਖਿਆ ਉਦਯੋਗਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਰੋਡਮੈਪ ਤਿਆਰ ਕਰਨਗੀਆਂ।