ਜਲੰਧਰ : ਨਕੋਦਰ ਨੇੜੇ ਚੱਕ ਵੈਂਡਲ ਪਿੰਡ 'ਚ ਅੱਜ ਸਵੇਰੇ ਦੋ ਸਕੂਲ ਬੱਸਾਂ ਦੀ ਭਿਆਨਕ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਬੱਸ ਸੜਕ 'ਤੇ ਪਲਟ ਗਈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਂਬਰਿਜ ਸਕੂਲ ਦਾ ਬੱਸ ਡਰਾਈਵਰ ਟੀ-ਪੁਆਇੰਟ ਤੋਂ ਆਪਣੀ ਬੱਸ ਲੈ ਕੇ ਨਿਕਲ ਚੁੱਕਾ ਸੀ ਅਤੇ ਸਾਈਡ 'ਚੇ ਗੱਡੀ ਖੜ੍ਹੀ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਮਾਨਵ ਸਹਿਯੋਗ ਸਕੂਲ ਬੱਸ ਦੇ ਡਰਾਈਵਰ ਨੇ ਕੈਂਬਰਿਜ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਬਰਿਜ ਸਕੂਲ ਬੱਸ ਸੜਕ ਦੇ ਕਿਨਾਰੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਪੂਰੀ ਘਟਨਾ ਦਾ ਸਭ ਤੋਂ ਵੱਡਾ ਬਚਾਅ ਇਹ ਸੀ ਕਿ ਹਾਦਸੇ ਸਮੇਂ ਕੋਈ ਵੀ ਸਕੂਲੀ ਬੱਚਾ ਬੱਸ 'ਚ ਨਹੀਂ ਸੀ। ਬੱਸਾਂ ਨੇ ਆਪਣੇ ਰੂਟ ਸ਼ੁਰੂ ਕੀਤੇ ਹੀ ਸਨ ਅਤੇ ਬੱਚਿਆਂ ਨੂੰ ਲੈਣ ਜਾ ਰਹੀਆਂ ਸਨ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਘਟਨਾ ਤੋਂ ਤੁਰੰਤ ਬਾਅਦ ਵੱਡੀ ਗਿਣਤੀ 'ਚ ਸਥਾਨਕ ਪਿੰਡ ਵਾਸੀ ਘਟਨਾ ਸਥਾਨ 'ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਮੁਸਤੈਦੀ ਵਿਖਾਉਂਦੇ ਹੋਏ ਸਥਿਤੀ ਨੂੰ ਸੰਭਾਲਿਆ ਅਤੇ ਗੱਡੀ ਵਿਚ ਫਸੇ ਡਰਾਈਵਰ ਅਤੇ ਕਲੀਨਰ ਨੂੰ ਸੁਰੱਖਿਅਤ ਬਾਹਰ ਕੱਢਿਆ। ਡਰਾਈਵਰ ਅਤੇ ਕਲੀਨਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਪੁਲਸ ਥਾਣੇ ਦੇ ਇੰਚਾਰਜ ਪਲਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।