ਚੰਡੀਗੜ੍ਹ : ਚੰਡੀਗੜ੍ਹ ਦੇ 55ਵੇਂ ਰੋਜ਼ ਫੈਸਟੀਵਲ-2027 'ਚ ਇਸ ਵਾਰ ਸੈਲਾਨੀਆਂ ਨੂੰ ਹੈਲੀਕਾਪਟਰ ਰਾਹੀਂ ਸ਼ਹਿਰ ਦੀ ਹਵਾਈ ਸੈਰ ਕਰਨ ਦਾ ਮੌਕਾ ਮਿਲ ਸਕਦਾ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ ਲਈ ਨਗਰ ਨਿਗਮ ਸਦਨ ਨੇ 1.32 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਗਮ ਪਹਿਲਾਂ ਇਸ ਸਮਾਗਮ ਲਈ ਸਪਾਂਸਰ ਲੱਭਣ ਦੀ ਕੋਸ਼ਿਸ਼ ਕਰੇਗਾ। ਜੇਕਰ ਸਪਾਂਸਰ ਨਹੀਂ ਮਿਲਦੇ ਤਾਂ ਫੈਸਟੀਵਲ ਦਾ ਖ਼ਰਚਾ ਨਿਗਮ ਆਪਣੇ ਖ਼ਜ਼ਾਨੇ ਵਿੱਚੋਂ ਚੁੱਕੇਗਾ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਦਨ ਨੂੰ ਦੱਸਿਆ ਕਿ ਫੈਸਟੀਵਲ ਸਬੰਧੀ ਟੈਂਡਰ ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਤਾਂ ਜੋ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
ਪਿਛਲੇ ਸਾਲਾਂ 'ਚ ਇਹ ਸਮਾਗਮ ਕੰਪਨੀਆਂ ਅਤੇ ਸਪਾਂਸਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਰਿਹਾ ਹੈ, ਜਿਸ ਨਾਲ ਨਿਗਮ ’ਤੇ ਵਿੱਤੀ ਬੋਝ ਨਹੀਂ ਪੈਂਦਾ ਸੀ। ਇਸ ਵਾਰ ਸਪਾਂਸਰਾਂ ਲਈ ਦਿਲਚਸਪੀ ਦੇ ਪ੍ਰਗਟਾਵੇ ਸਬੰਧੀ ਸੱਦਾ ਜਾਰੀ ਕਰਨ ਦੇ ਬਾਵਜੂਦ ਕਿਸੇ ਕੰਪਨੀ ਨੇ ਰੁਚੀ ਨਹੀਂ ਦਿਖਾਈ। ਇਸੇ ਕਾਰਨ ਨਿਗਮ ਨੇ 132.65 ਲੱਖ ਰੁਪਏ ਖਰਚਣ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ।
ਤਿੰਨ ਦਿਨਾਂ ਦੇ ਇਸ ਫੈਸਟੀਵਲ 'ਚ ਫੁੱਲਾਂ ਦੀ ਪ੍ਰਦਰਸ਼ਨੀ, ਰੰਗੋਲੀ, ਫਲੋਰਲ ਹੈਟ, ਰੋਜ਼ ਪ੍ਰਿੰਸ-ਪ੍ਰਿੰਸੈੱਸ, ਮਿਸਟਰ ਐਂਡ ਮਿਸ ਰੋਜ਼ ਅਤੇ ਸੀਨੀਅਰ ਨਾਗਰਿਕਾਂ ਲਈ ਰੋਜ਼ ਕਿੰਗ-ਰੋਜ਼ ਕੁਈਨ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਲੋਕ ਨਾਚ, ਫੋਟੋਗ੍ਰਾਫੀ, ਪੇਂਟਿੰਗ, ਅੰਤਾਕਸ਼ਰੀ ਅਤੇ ਰੋਜ਼ ਕੁਇਜ਼ ਵਰਗੀਆਂ ਗਤੀਵਿਧੀਆਂ ਵੀ ਖਿੱਚ ਦਾ ਕੇਂਦਰ ਰਹਿਣਗੀਆਂ। ਹੈਲੀਕਾਪਟਰ ਰਾਈਡ ਦੀ ਤਜਵੀਜ਼ ਨੂੰ ਵੀ ਇਸ ਵਾਰ ਦੇ ਖ਼ਾਸ ਆਕਰਸ਼ਣ ਵਜੋਂ ਦੇਖਿਆ ਜਾ ਰਿਹਾ ਹੈ।