ਚੰਡੀਗੜ੍ਹ : ਚੰਡੀਗੜ੍ਹ ਵਾਸੀਆਂ ਨੂੰ 22 ਅਤੇ 23 ਅਕਤੂਬਰ ਨੂੰ ਸ਼ਾਮ ਵੇਲੇ ਪਾਣੀ ਦੀ ਘੱਟ ਪ੍ਰੈਸ਼ਰ ਨਾਲ ਸਪਲਾਈ ਮਿਲੇਗੀ। ਨਗਰ ਨਿਗਮ ਵੱਲੋਂ ਪਿੰਡ ਝੁੰਗੀਆਂ ਵਿਖੇ ਪਾਈਪ ਲਾਈਨ ਬਦਲਣ ਦੇ ਕੰਮ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ ਕਜੌਲੀ ਦੇ ਫੇਜ਼-3 ਤੋਂ ਸੈਕਟਰ-39 ਸਥਿਤ ਵਾਟਰ ਵਰਕਸ ਤੱਕ ਕੱਚੇ ਪਾਣੀ ਦੀ ਪੰਪਿੰਗ ਲਗਾਤਾਰ 48 ਘੰਟਿਆਂ ਲਈ ਬੰਦ ਰਹੇਗੀ। ਨਗਰ ਨਿਗਮ ਅਨੁਸਾਰ ਪਿੰਡ ਝੁੰਗੀਆਂ ਵਿਖੇ ਮੌਜੂਦਾ 1200 ਐਮ. ਐਮ. ਵਿਆਸ ਵਾਲੀ ਪੀ.ਐੱਸ.ਸੀ. ਪਾਈਪ ਲਾਈਨ ਦੀ ਥਾਂ ਨਵੀਂ ਐੱਮ. ਐੱਸ. ਪਾਈਪਲਾਈਨ ਵਿਛਾਈ ਜਾਵੇਗੀ। ਇਸ ਕੰਮ ਲਈ ਸਮਰੱਥ ਅਥਾਰਟੀ ਵੱਲੋਂ ਦੋ ਦਿਨਾਂ ਦੇ ਸ਼ੱਟਡਾਊਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸ ਕਾਰਨ ਸ਼ਹਿਰ ਦੀ ਜਲ ਸਪਲਾਈ ਪ੍ਰਭਾਵਿਤ ਹੋਵੇਗੀ। ਨਿਰਧਾਰਤ ਸ਼ਡਿਊਲ ਮੁਤਾਬਕ ਦੋਵੇਂ ਦਿਨ ਸਵੇਰੇ 3.30 ਵਜੇ ਤੋਂ 9 ਵਜੇ ਤੱਕ ਪਾਣੀ ਦੀ ਸਪਲਾਈ ਆਮ ਵਾਂਗ ਪੂਰੇ ਪ੍ਰੈਸ਼ਰ ਨਾਲ ਹੋਵੇਗੀ, ਜਦਕਿ ਸ਼ਾਮ 6 ਵਜੇ ਤੋਂ ਰਾਤ 8.30 ਵਜੇ ਤੱਕ ਘੱਟ ਪ੍ਰੈਸ਼ਰ ਨਾਲ ਪਾਣੀ ਆਵੇਗਾ। ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਲੋੜ ਮੁਤਾਬਕ ਪਾਣੀ ਦਾ ਅਗਾਊਂ ਪ੍ਰਬੰਧ ਕਰ ਲੈਣ, ਤਾਂ ਜੋ ਸਪਲਾਈ ਪ੍ਰਭਾਵਿਤ ਹੋਣ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।