ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪੁਲਸ ਯਾਦਗਾਰੀ ਦਿਵਸ ਦੇ ਮੌਕੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਪੁਲਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀਐੱਮ ਮੋਦੀ ਨੇ ਕਿਹਾ ਕਿ ਇਹ ਦਿਨ ਦੇਸ਼ ਦੇ ਪੁਲਸ ਕਰਮਚਾਰੀਆਂ ਪ੍ਰਤੀ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹੈ, ਜੋ ਮੁਸ਼ਕਲ ਹਾਲਾਤ ਵਿੱਚ ਵੀ ਪੂਰੀ ਸ਼ਰਧਾ ਨਾਲ ਆਪਣੇ ਫਰਜ਼ ਨਿਭਾਉਂਦੇ ਹਨ।
ਮੋਦੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਤੋਂ ਲੈ ਕੇ ਅਪਰਾਧ ਨਾਲ ਨਜਿੱਠਣ, ਐਮਰਜੈਂਸੀ ਸਥਿਤੀਆਂ ਵਿਚ ਮਦਦ ਪਹੁੰਚਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੱਕ ਪੁਲਸ ਕਰਮਚਾਰੀਆਂ ਦਾ ਯੋਗਦਾਨ ਅਨਮੋਲ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਪੁਲਸ ਯਾਦਗਾਰੀ ਦਿਵਸ ਉਨ੍ਹਾਂ ਪੁਲਸ ਕਰਮਚਾਰੀਆਂ ਦੇ ਪ੍ਰਤੀ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹੈ, ਜੋ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਵੀ ਸ਼ਾਨਦਾਰ ਵਚਨਬੱਧਤਾ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹਨ।''
ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਪੁਲਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਹਿੰਮਤ, ਅਟੁੱਟ ਸਮਰਪਣ ਅਤੇ ਸਰਵਉੱਚ ਕੁਰਬਾਨੀ ਹਮੇਸ਼ਾ ਦੇਸ਼ ਦੀ ਯਾਦ ਵਿੱਚ ਉੱਕਰੀਆਂ ਰਹਿਣਗੀਆਂ। ਰਾਸ਼ਟਰੀ ਪੁਲਸ ਯਾਦਗਾਰੀ ਦਿਵਸ 1959 ਵਿੱਚ ਇਸ ਦਿਨ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿੱਚ ਚੀਨੀ ਸੈਨਿਕਾਂ ਦੁਆਰਾ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋਏ 10 ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ ਜਵਾਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।