ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀਆਂ ਆਮ ਚੋਣਾਂ ਦਸੰਬਰ ਦੇ ਅਖ਼ੀਰ ਤੱਕ ਹੋ ਸਕਦੀਆਂ ਹਨ। ਚੋਣਾਂ ਨੂੰ ਲੈ ਕੇ ਤਿਆਰੀਆਂ ਅੱਗੇ ਵਧਾਉਂਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਸ਼ਹਿਰ ਦੇ 35 ਵਾਰਡਾਂ ਦੇ ਪੋਲਿੰਗ ਸਟੇਸ਼ਨਾਂ ਦੀ ਡਰਾਫਟ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ’ਤੇ ਆਮ ਲੋਕਾਂ ਅਤੇ ਇੱਛੁਕ ਉਮੀਦਵਾਰਾਂ ਤੋਂ 27 ਅਕਤੂਬਰ ਸ਼ਾਮ 5 ਵਜੇ ਤੱਕ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ। ਪੋਲਿੰਗ ਸਟੇਸ਼ਨਾਂ ਦੀ ਇਹ ਮਸੌਦਾ ਸੂਚੀ ਭਾਰਤੀ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.) ਤਹਿਤ ਸੋਧੀ ਗਈ ਵੋਟਰ ਸੂਚੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ, ਜੋ 22 ਸਤੰਬਰ 2026 ਨੂੰ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਇਲਾਵਾ ਵਾਰਡਾਂ ਅਨੁਸਾਰ ਚੋਣ ਪ੍ਰਕਿਰਿਆ ਨਾਲ ਸਬੰਧਿਤ ਕੰਮਾਂ ਲਈ 9 ਰਿਟਰਨਿੰਗ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ।
ਜਾਰੀ ਵੇਰਵਿਆਂ ਅਨੁਸਾਰ ਵਾਰਡ ਨੰਬਰ 1 ਤੋਂ 4 ਤੱਕ ਪ੍ਰਦਿਊਮਨ ਸਿੰਘ, ਵਾਰਡ 5 ਤੋਂ 8 ਤੱਕ ਨਿਤੀਸ਼ ਸਿੰਗਲਾ, ਵਾਰਡ 9 ਤੋਂ 12 ਤੱਕ ਪਾਲਿਕਾ ਅਰੋੜਾ, ਵਾਰਡ 13 ਤੋਂ 16 ਤੱਕ ਨਵੀਨ, ਵਾਰਡ 17 ਤੋਂ 20 ਤੱਕ ਈਸ਼ਾ ਕੰਬੋਜ, ਵਾਰਡ 21 ਤੋਂ 24 ਤੱਕ ਪਵਿੱਤਰ ਸਿੰਘ, ਵਾਰਡ 25 ਤੋਂ 28 ਤੱਕ ਰਾਧਿਕਾ ਸਿੰਘ, ਵਾਰਡ 29 ਤੋਂ 32 ਤੱਕ ਅਵਿਕੇਸ਼ ਗੁਪਤਾ ਅਤੇ ਵਾਰਡ 33 ਤੋਂ 35 ਤੱਕ ਖੁਸ਼ਪ੍ਰੀਤ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਕਮਿਸ਼ਨ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਡਰਾਫਟ ਸੂਚੀ 22 ਤੋਂ 27 ਅਕਤੂਬਰ ਤੱਕ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰਾਂ 'ਚ ਨਿਰੀਖਣ ਲਈ ਉਪਲੱਬਧ ਰਹੇਗੀ। ਸੂਚੀ ਸਬੰਧੀ ਕੋਈ ਇਤਰਾਜ਼ ਜਾਂ ਸੁਝਾਅ ਦੇਣ ਵਾਲਾ ਵਿਅਕਤੀ 27 ਅਕਤੂਬਰ ਸ਼ਾਮ 5 ਵਜੇ ਤੱਕ ਲਿਖਤੀ ਰੂਪ ਵਿੱਚ ਸਬੰਧਤ ਅਧਿਕਾਰੀ ਕੋਲ ਜਮ੍ਹਾਂ ਕਰਵਾ ਸਕਦਾ ਹੈ।