ਆਕਲੈਂਡ : ਭਾਰਤੀ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਨਿਊਜ਼ੀਲੈਂਡ ਖਿਲਾਫ਼ ਪਹਿਲੇ ਵਨਡੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਕਿਹਾ ਕਿ ਪਹਿਲੇ ਓਵਰ 'ਚ ਛੱਕਾ ਖਾਣ ਤੋਂ ਬਾਅਦ ਗੇਂਦ ਦੀ ਲੈਂਥ ਬਦਲਣਾ ਉਨ੍ਹਾਂ ਲਈ ਫਾਇਦੇਮੰਦ ਰਿਹਾ।
6 ਫੁੱਟ 5 ਇੰਚ ਲੰਬੇ ਬਰਾੜ ਨੇ ਆਪਣੇ ਪਹਿਲੇ ਓਵਰ 'ਚ 13 ਰਨ ਦਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਰਸ਼ਦੀਪ ਸਿੰਘ ਅਤੇ ਅੰਸ਼ੁਲ ਕੰਬੋਜ ਦੀ ਸਲਾਹ 'ਤੇ ਗੇਂਦ ਨੂੰ 'ਹਾਰਡ ਲੈਂਥ' (ਸ਼ਾਰਟ-ਪਿੱਚ) 'ਤੇ ਸੁੱਟਣਾ ਸ਼ੁਰੂ ਕੀਤਾ, ਜਿਸ ਨਾਲ ਉਨ੍ਹਾਂ ਦੀ ਲੰਬਾਈ ਕਾਰਨ ਵਧੀਆ ਉਛਾਲ ਮਿਲਿਆ। ਬਰਾੜ ਨੇ ਟਿਮ ਸੀਫਰਟ, ਟੌਮ ਲੈਥਮ ਅਤੇ ਬਲੇਅਰ ਟਿਕਨਰ ਦੇ ਮਹੱਤਵਪੂਰਨ ਵਿਕਟ ਝਟਕਾਏ।
ਬਰਾੜ ਨੇ ਕਿਹਾ ਕਿ ਅਭਿਆਸ ਦੌਰਾਨ ਹੀ ਉਨ੍ਹਾਂ ਨੂੰ ਪਿੱਚ ਦਾ ਅੰਦਾਜ਼ਾ ਹੋ ਗਿਆ ਸੀ ਅਤੇ ਉਨ੍ਹਾਂ ਆਪਣੀਆਂ ਤਾਕਤਾਂ 'ਤੇ ਭਰੋਸਾ ਰੱਖਿਆ। ਵਿਰਾਟ ਕੋਹਲੀ ਦੀਆਂ 74 ਦੌੜਾਂ ਦੀ ਬਦੌਲਤ ਭਾਰਤ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਕੇ 5 ਮੈਚਾਂ ਦੀ ਲੜੀ 'ਚ 1-0 ਦੀ ਲੀਡ ਬਣਾ ਲਈ ਹੈ।